ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਤੇ ਨੀਤੀ ਆਯੋਗ ਦੇ ਸੀਈਓ ਸ੍ਰੀ ਅਮਿਤਾਭ ਕਾਂਤ ਨਾਲ ਅੱਜ ਇੱਥੇ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਸ਼ਹਿਰੀ ਸਮਾਜ ਦੀਆਂ ਜੱਥੇਬੰਦੀਆਂ ਤੇ ‘ਐੱਨਜੀਓ ਦਰਪਣ’ ’ਤੇ ਰਜਿਸਟਰਡ ਗ਼ੈਰ–ਸਰਕਾਰੀ ਸੰਗਠਨਾਂ ਨਾਲ ਗੱਲਬਾਤ ਕੀਤੀ।
ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਤਰਫ਼ੋਂ ਉਨ੍ਹਾਂ 92,000 ਤੋਂ ਵੱਧ ਗ਼ੈਰ–ਸਰਕਾਰੀ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਨਿਸ਼ਕਾਮ ਕਾਰਜ ਲਈ ਧੰਨਵਾਦ ਕੀਤਾ ਜਿਹੜੇ ਸਮਾਜ ਦੇ ਵਿਭਿੰਨ ਵਰਗਾਂ ਨੂੰ ਭੋਜਨ ਤੇ ਹੋਰ ਜ਼ਰੂਰਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਸੰਗਠਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੋਵਿਡ–19 ਦੇ ਪ੍ਰਬੰਧ ਵਿੱਚ ਇਸ ਨੂੰ ਬੇਹੱਦ ਅਹਿਮ ਕਰਾਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸੰਸਥਾਨਾਂ ਦੇ ਅਜਿਹੇ ਕਾਰਜਾਂ ਤੋਂ ਹੋਰ ਲੋਕ ਵੀ ਪ੍ਰੇਰਿਤ ਹੁੰਦੇ ਹਨ ਤੇ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਂਦੇ ਹਨ।
ਡਾ. ਹਰਸ਼ ਵਰਧਨ ਨੇ ਭਾਗੀਦਾਰਾਂ ਨੂੰ ਕੋਵਿਡ–19 ਦੀ ਸਥਿਤੀ ਦਾ ਟਾਕਰਾ ਕਰਨ ਲਈ ਕੀਤੇ ਜਤਨਾਂ ਬਾਰੇ ਕ੍ਰਮਵਾਰ ਜਾਣਕਾਰੀ ਦਿੱਤੀ। ਉਨ੍ਹਾਂ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਰਤ, ਕੋਵਿਡ–19 ਦਾ ਟਾਕਰਾ ਕਰਨ ਲਈ ‘ਵਿਸ਼ਵ ਸਿਹਤ ਸੰਗਠਨ’ (ਡਬਲਿਊਐੱਚਓ – WHO) ਜਿਹੀਆਂ ਕੌਮਾਂਤਰੀ ਜੱਥੇਬੰਦੀਆਂ ਨਾਲ ਮਿਲ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਰਣਨੀਤੀ ਉਲੀਕਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ। ਭਾਰਤ ਸਰਕਾਰ ਨੇ ਇਸ ਮਹਾਮਾਰੀ ਨੂੰ ਰੋਕਣ ਲਈ ਪੂਰੀ ਸਰਗਰਮੀ ਨਾਲ ਕਾਰਵਾਈ ਕੀਤੀ ਹੈ ਤੇ ਸਥਿਤੀ ਅਨੁਸਾਰ ਕਾਰਵਾਈ ਵਿੱਚ ਵਾਧਾ ਕੀਤਾ ਹੈ।
ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਅਤੇ ਕੋਵਿਡ–19 ਦੇ ਖਾਤਮੇ ਲਈ ਖਾਸ ਤੌਰ ’ਤੇ ਗਠਤ ਮੰਤਰੀਆਂ ਦੇ ਸਮੂਹ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਕਦਮਾਂ ਵਿੱਚ ਰਾਜਾਂ ਲਈ ਵਿਸਤ੍ਰਿਤ ਐਡਵਾਈਜ਼ਰੀਜ਼ ਜਾਰੀ ਕਰਨਾ, ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ, ਪ੍ਰੋਟੈਕਟਿਵ ਗੀਅਰ ਦੀ ਵਿਵਸਥਾ, ਦਾਖ਼ਲੇ ਦੀਆਂ ਸਾਰੀਆਂ ਬੰਦਰਗਾਹਾਂ ਉੱਤੇ ਸਾਰੇ ਯਾਤਰੀਆਂ ਦੀ ਸਕ੍ਰੀਨਿੰਗ, ਸਮਾਜਕ ਚੌਕਸੀ, ਵਿਸਤ੍ਰਿਤ ਪੱਧਰ ’ਤੇ ਸੰਪਰਕ–ਵਿਅਕਤੀ ਲੱਭਣਾ, ਰੈਪਿਡ ਰੈਸਪੌਂਸ ਟੀਮਾਂ ਆਦਿ ਕਾਇਮ ਕਰਨਾ ਸ਼ਾਮਲ ਹਨ। ਉਨ੍ਹਾਂ ‘ਆਰੋਗਯ–ਸੇਤੂ’ ਐਪ ਦੇ ਨਾਲ–ਨਾਲ ਕੋਵਿਡ–19 ਦੀ ਮਹਾਮਾਰੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦੇ ਹੱਲ ਲਈ ਅਸੁਰੱਖਿਅਤ ਵਰਗਾਂ ਲਈ ਆਰਥਿਕ ਪੈਕੇਜ – ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੀ ਸ਼ੁਰੂਆਤ ਜਿਹੇ ਕਦਮਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਵੀ ਗ੍ਰਹਿ ਮੰਤਰਾਲੇ ਦੀਆਂ ਤਾਜ਼ਾ ਹਦਾਇਤਾਂ ਜਾਰੀ ਹੋਣ ਨਾਲ ਹੱਲ ਹੋ ਗਈ ਹੈ।
ਡਾ. ਹਰਸ਼ ਵਰਧਨ ਨੇ ਰੋਕਥਾਮ ਦੇ ਜਤਨਾਂ ਅਧੀਨ ਜਨਤਾ ਕਰਫ਼ਿਊ ਦੇ ਮਾਧਿਅਮ ਰਾਹੀਂ ਲੋਕਾਂ ਦੇ ਨੂੰ ਲੌਕਡਾਊਨ ਲਈ ਤਿਆਰ ਕਰ ਕੇ ਅਤੇ ਫਿਰ ਹਾਲਾਤ ਦੇ ਆਧਾਰ ਉੱਤੇ ਕ੍ਰਮਵਾਰ ਪ੍ਰਤੀਕਰਮ ਦੇ ਰੂਪ ਵਿੱਚ ਲੌਕਡਾਊਨ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ,‘ਦੇਸ਼ ਵਿੱਚ ਮਾਮਲੇ ਦੁੱਗਣੇ ਹੋਣ ਦੀ ਦਰ ਵਿੱਚ ਨਿਯਮਤ ਤੌਰ ’ਤੇ ਸੁਧਾਰ ਦਿਸ ਰਿਹਾ ਹੈ ਅਤੇ 3 ਦਿਨਾਂ ਦੀ ਮਿਆਦ ਵਿੱਚ ਇਹ 12.5 ਦਿਨ, 7 ਦਿਨ ਦੀ ਮਿਆਦ ਵਿੱਚ ਇਹ 11 ਦਿਨ ਅਤੇ 14 ਦਿਨਾਂ ਦੀ ਮਿਆਦ ਵਿੱਚ ਇਹ 9.9 ਦਿਨ ਹੈ।
ਇਨ੍ਹਾਂ ਸੰਕੇਤਾਂ ਨੂੰ ਦੇਸ਼ ਵਿੱਚ ਕਲੱਸਟਰ ਪ੍ਰਬੰਧ ਤੇ ਰੋਕਥਾਮ ਦੀਆਂ ਰਣਨੀਤੀਆਂ ਨਾਲ ਹੀ ਲੌਕਡਾਊਨ ਦੇ ਹਾਂ–ਪੱਖੀ ਪ੍ਰਭਾਵ ਦੇ ਤੌਰ ’ਤੇ ਲਿਆ ਜਾ ਸਕਦਾ ਹੈ।’
ਡਾ. ਹਰਸ਼ ਵਰਧਨ ਨੇ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਫਸੇ ਹੋਏ ਲੋਕਾਂ ਨੂੰ ਹੋ ਰਹੀਆਂ ਸਮੱਸਿਆਵਾਂ ਦੇ ਹੱਲ ਵਿੱਚ ਮਦਦ ਲਈ ਵਿਭਿੰਨ ਗ਼ੈਰ–ਸਰਕਾਰੀ ਸੰਗਠਨਾਂ (NGOs) ਵੱਲੋਂ ਕੀਤੇ ਗਏ ਜਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਨ੍ਹਾਂ ਜਤਨਾਂ ਵਿੱਚ ਸਰਕਾਰ ਤੇ ਗ਼ੈਰ–ਸਰਕਾਰੀ ਸੰਗਠਨਾਂ ਦੇ ਜਤਨਾਂ ਵਿਚਾਲੇ ਤਾਲਮੇਲ ਤੇ ਉਤਸ਼ਾਹ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਕੋਵਿਡ–19 ਦੌਰਾਨ ਸਾਹਮਣੇ ਆਏ ਮੁੱਖ ਮੁੱਦਿਆਂ ਉੱਤੇ ਵਿਚਾਰ–ਵਟਾਂਦਰਾ ਕੀਤਾ, ਜਿਸ ਵਿੱਚ ਐੱਨਜੀਓ ਦੀ ਭੂਮਿਕਾ ਕਾਫ਼ੀ ਅਹਿਮ ਰਹੀ ਸੀ। ਇਨ੍ਹਾਂ ਵਿੱਚ ਕੋਵਿਡ–19 ਮਰੀਜ਼ਾਂ ਨਾਲ ਦੁਰਵਿਹਾਰ, ਕੋਵਿਡ–19 ਦੇ ਪ੍ਰਬੰਧ ਨਾਲ ਜੁੜੇ ਸਿਹਤ ਖੇਤਰ ਦੇ ਮੁਲਾਜ਼ਮਾਂ ਨਾਲ ਦੁਰਵਿਹਾਰ, ਬਾਈਕਾਟ ਤੇ ਸ਼ੋਸ਼ਣ ਸ਼ਾਮਲ ਹਨ। ਨਾਲ ਹੀ ਇਸ ਵਿੱਚ ਘਰ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਹੋਣ ਵਾਲੀਆਂ ਸੰਭਾਵੀ ਸਮੱਸਿਆਵਾਂ ਵੀ ਸ਼ਾਮਲ ਸਨ। ਉਨ੍ਹਾਂ ਖੇਤਰ ਵਿੱਚ ਕਾਰਜ ਦੇ ਮਾਧਿਅਮ ਰਾਹੀਂ ਇਸ ਕਲੰਕ ਨਾਲ ਲੜਨ ਵਿੱਚ ਐੱਨਜੀਓ ਦੀ ਗਤੀਸ਼ੀਲ ਭੂਮਿਕਾ ਨੂੰ ਉਜਾਗਰ ਕੀਤਾ।
ਇਸ ਤੋਂ ਬਾਅਦ ਸੁਚਾਰੂ ਕੰਮਕਾਜ ਵਿੱਚ ਮਦਦ ਲਈ ਨੀਤੀ ਆਯੋਗ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਵਿਭਿੰਨ ਐੱਨਜੀਓ ਨੇ ਲੌਕਡਾਊਨ ਦੌਰਾਨ ਐੱਨਜੀਓ ਕਰਮਚਾਰੀਆਂ ਨੂੰ ਹੋ ਰਹੀਆਂ ਦਵਾਈਆਂ ਦੀ ਸੀਮਤ ਉਪਲਬਧਤਾ, ਵਿਸ਼ੇਸ਼ ਤੌਰ ਉੱਤੇ ਬਜ਼ੁਰਗਾਂ ਦੀ ਦੇਖਭਾਲ ਵਿੱਚ ਸੇਵਾਵਾਂ ਦੀ ਘਾਟ, ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ, ਆਉਣ–ਜਾਣ ਵਿੱਚ ਹੋਣ ਵਾਲੀਆਂ ਔਕੜਾਂ, ਕੁਪੋਸ਼ਣ ਤੇ ਅਨਾਜ ਸੁਰੱਖਿਆ, ਉਪਜੀਵਿਕਾ ਤੇ ਪ੍ਰਵਾਸੀਆਂ ਨਾਲ ਜੁੜੀ ਯੋਗਤਾ ਜਿਹੀਆਂ ਸਮੱਸਿਆਵਾਂ ਲੂੰ ਸਾਹਮਣੇ ਰੱਖਿਆ।
ਉਨ੍ਹਾਂ ਕੇਂਦਰੀ ਸਿਹਤ ਮੰਤਰੀ ਨਾਲ ਰਵਾਇਤੀ ਗਿਆਨ ਰਾਹੀਂ ਲੋਕਾਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ, ਲਾਗ/ਛੂਤ ਵਾਲੀਆਂ ਬੀਮਾਰੀਆਂ ਦਾ ਡਰ ਦੂਰ ਕਰਨ, ਅਰਥ–ਵਿਵਸਥਾ ਮੁੜ ਖੁੱਲ੍ਹਣ ਤੋਂ ਬਾਅਦ ਵਿੱਤੀ ਸਮਰਥਨ ਆਦਿ ਉਚਿਤ ਕਦਮ ਚੁੱਕਣ ਦੀ ਵੀ ਬੇਨਤੀ ਕੀਤੀ।
ਡਾ. ਹਰਸ਼ ਵਰਧਨ ਨੇ ਐੰਨਜੀਓ ਦੇ ਨੁਮਾਇੰਦਿਆਂ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਦੇ ਲਾਲ (ਰੈੱਡ), ਨਾਰੰਗੀ (ਆਰੈਂਜ) ਤੇ ਹਰੇ (ਗ੍ਰੀਨ) ਖੇਤਰਾਂ ਵਿੱਚ ਵਰਗੀਕਰਨ ਨਾਲ ਐੰਨਜੀਓ ਨੂੰ ਆਪਣੇ ਕੰਮ ਲਈ ਤਰਜੀਹ ਤੈਅ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਗੱਲਬਾਤ ਦੇ ਮੌਜੂਦਾ ਚੈਨਲਾਂ ਦੇ ਨਾਲ ਹੀ ਸਮਰਪਿਤ ਟਵਿਟਰ ਹੈਂਡਲ @CovidIndiaSeva ਜਿਹੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਕੋਵਿਡ–19 ਦੇ ਪ੍ਰਬੰਧ ਬਾਰੇ ਆਪਣੀਆਂ ਚਿੰਤਾਵਾਂ ਦੱਸਣ ਦੀ ਬੇਨਤੀ ਕੀਤੀ।
ਉਨ੍ਹਾਂ ਸਭ ਨੂੰ ਮੰਤਰਾਲੇ ਵੱਲੋਂ ਜਾਰੀ ਦਿਸ਼ਾ–ਨਿਰਦੇਸ਼ਾਂ ਤੇ ਹੱਥਾਂ ਦੀ ਸਫ਼ਾਈ, ਫ਼ੇਸ–ਕਵਰ ਦੇ ਉਪਯੋਗ ਜ਼ਿਆਦਾ ਜੋਖਮ ਵਾਲੀ ਆਬਾਦੀ ਦੀ ਦੇਖਭਾਲ, ਜਿੱਥੋਂ ਤੱਕ ਸੰਭਵ ਹੋਵੇ ਘਰ ਤੋਂ ਕੰਮ ਕਰਨ ਤੇ ਲੌਕਡਾਊਨ ਅਤੇ ਸਮਾਜਕ–ਦੂਰੀ ਦੇ ਮਾਪਦੰਡਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ–19 ਦੀ ਰੋਕਥਾਮ ਵਿੱਚ ਸਮਾਜਕ–ਦੂਰੀ ਤੇ ਲੌਕਡਾਊਨ ਸਭ ਤੋਂ ਵੱਧ ਸਮਰੱਥ ਸਮਾਜਕ ਵੈਕਸੀਨ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਕੋਵਿਡ–19 ਨਾਲ ਸਬੰਧਤ ਤਕਨੀਕੀ ਮੁੱਦਿਆਂ, ਦਿਸ਼ਾ–ਨਿਰਦੇਸ਼ਾਂ ਤੇ ਸਲਾਹ ਆਦਿ ਸਾਰੇ ਪ੍ਰਮਾਣਿਤ ਤੇ ਤਾਜ਼ਾ ਜਾਣਕਾਰੀਆਂ ਸਿਹਤ ਮੰਤਰਾਲੇ ਦੀ ਵੈੱਬਸਾਈਟ https://www.mohfw.gov.in/ ਤੋਂ ਹਾਸਲ ਕੀਤੀਆਂ ਜਾ ਸਕਦੀਆਂ ਹਨ, ਜੋ ਦਿਨ ਵਿੱਚ ਘੱਟੋ–ਘੱਟ ਦੋ ਵਾਰ ਅਪਡੇਟ ਕੀਤੀ ਜਾਂਦੀ ਹੈ। ਅੰਤ ’ਚ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਸੈਸ਼ਨ ਵਿੱਚ ਭਾਗ ਲੈਣ ਤੇ ਵਡਮੁੱਲੇ ਸੁਝਾਅ ਦੇਣ ਲਈ ਡਾ. ਹਰਸ਼ ਵਰਧਨ, ਸਮਾਜਕ ਸੰਗਠਨਾਂ ਤੇ ਐੱਨਜੀਓ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਦਾ ਸ਼ੁਕਰੀਆ ਅਦਾ ਕੀਤਾ।