ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੋਂ ਕਿਸ਼ਨਗੰਜ, ਬਿਹਾਰ ਲਈ ਰਵਾਨਗੀ ਵਾਸਤੇ ਤਿਆਰ ਸ਼੍ਰਮਿਕ ਰੇਲ। ਤਸਵੀਰ: ਸੰਤ ਅਰੋੜਾ, ਹਿੰਦੁਸਤਾਨ ਟਾਈਮਜ਼
ਭਾਰਤ ਸਰਕਾਰ ਨੇ ਹੋਰ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਚਲਾਉਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਿਯੋਗ ਦੇਣ ਲਈ ਕਿਹਾ ਹੈ। ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਬੇਨਤੀ ਇੱਕ ਚਿੱਠੀ ਰਾਹੀਂ ਕੀਤੀ ਗਈ ਹੈ। ਇਸ ਚਿੱਠੀ ਵਿੱਚ ਲਿਖਿਆ ਹੈ ਕਿ ਇੰਝ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਤੇਜ਼–ਰਫ਼ਤਾਰ ਨਾਲ ਲਿਆਉਣ–ਲਿਜਾਣ ਦੀ ਸੁਵਿਧਾ ਮਿਲੇਗੀ।
ਬੱਸਾਂ ਤੇ ‘ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਪ੍ਰਵਾਸੀ ਕਾਮਿਆਂ ਦੇ ਆਵਾਗਮਨ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਦਿੱਤੀ ਸਹਾਇਤਾ ਦੀ ਸਮੀਖਿਆ ਲਈ 10 ਮਈ, 2020 ਨੂੰ ਕੈਬਨਿਟ ਸਕੱਤਰ ਦੀ ਵੀਡੀਓ ਕਾਨਫ਼ਰੰਸ ਤੋਂ ਬਾਅਦ ਇਹ ਚਿੱਠੀ ਜਾਰੀ ਕੀਤੀ ਗਈ ਹੈ।
ਭਾਰਤੀ ਰੇਲਵੇ ਨੇ ਕਿਉਂਕਿ ਸਮੁੱਚੇ ਦੇਸ਼ ਵਿੱਚ ‘ਸ਼੍ਰਮਿਕ ਸਪੈਸ਼ਲ’ਟ੍ਰੇਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ; ਇਸੇ ਲਈ ਇਸ ਖੇਤਰ ਦੇ ਹਰਿਆਣਾ ਤੇ ਪੰਜਾਬ ਜਿਹੇ ਰਾਜਾਂ ਵਿੱਚ ਵੀ ਫਸੇ ਹੋਏ ਕਾਮਿਆਂ ਦੀ ਆਪੋ–ਆਪਣੇ ਜੱਦੀ ਰਾਜਾਂ ਨੂੰ ਆਵਾਜਾਈ ਦਿਖਾਈ ਦੇਣ ਲਗ ਪਈ ਹੈ।
ਪਰਸੋਂ 10 ਮਈ, 2020 ਤੱਕ 40 ਅਜਿਹੀਆਂ ਟ੍ਰੇਨਾਂ ਫ਼ਿਰੋਜ਼ਪੁਰ ਡਿਵੀਜ਼ਨ ਅਤੇ 11 ਅੰਬਾਲਾ ਡਿਵੀਜ਼ਨ ਤੋਂ ਰਵਾਨਾ ਹੋ ਚੁੱਕੀਆਂ ਹਨ। ਜਿਵੇਂ ਹੀ ਇਹ ਟ੍ਰੇਨਾਂ ਆਪਣੇ ਟਿਕਾਣਿਆਂ ਲਈ ਰਵਾਨਾ ਹੁੰਦੀਆਂ ਹਨ, ਪ੍ਰਵਾਸੀ ਮਜ਼ਦੂਰਾਂ ਦੇ ਚਿਹਰਿਆਂ ਉੱਤੇ ਰਾਹਤ ਤੇ ਖੁਸ਼ੀ ਦੀ ਝਲਕ ਸਹਿਜੇ ਹੀ ਦੇਖੀ ਜਾ ਸਕਦੀ ਹੈ।
ਖੁਸ਼ੀ ਦਾ ਅਜਿਹਾ ਹੀ ਪ੍ਰਗਟਾਵਾ ਅੱਜ ਚੰਡੀਗੜ੍ਹ ਰੇਲਵੇ ਸਟੇਸ਼ਨ ਉੱਤੇ ਦੇਖਣ ਨੂੰ ਮਿਲਿਆ ਜਦੋਂ ਡਾਢੇ ਖੁਸ਼ ਪ੍ਰਵਾਸੀ ਮਜ਼ਦੂਰ ਕਿਸ਼ਨਗੰਜ ਲਈ ਰਵਾਨਾ ਹੋਏ। ਰੇਲਵੇ ਅਧਿਕਾਰੀਆਂ ਨੇ ਇਹ ਵੀ ਯਕੀਨੀ ਬਣਾਇਆ ਕਿ ਟ੍ਰੇਨਾਂ ਉੱਤੇ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਥਰਮਲ ਸਕੈਨਿੰਗ ਕੀਤੀ ਜਾਵੇ ਤੇ ਯਾਤਰਾ ਦੌਰਾਨ ਉਨ੍ਹਾਂ ਵਿਚਾਲੇ ਆਪਸੀ ਦੂਰੀ ਨੂੰ ਕਾਇਮ ਰੱਖਿਆ ਜਾਵੇ।