ਕੇਂਦਰ ਸਰਕਾਰ ਨੇ ਗਊਆਂ ਦੀ ਸਮੱਗਲਿੰਗ ਦੇ ਸ਼ੱਕ ਹੇਠ ਰਾਜਸਥਾਨ ਦੇ ਅਲਵਰ `ਚ ਹਰਿਆਣਾ ਦੇ ਇੱਕ ਵਿਅਕਤੀ ਦੀ ਕਥਿਤ ਤੌਰ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਰਾਜਸਥਾਨ ਸਰਕਾਰ ਨੂੰ ਇਸ ਘਟਨਾ ਦਾ ਸਾਰਾ ਵੇਰਵਾ, ਉਸ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾ ਦੇਣ ਲਈ ਕੀਤੀ ਗਈ ਕਾਰਵਾਈ ਤੇ ਸ਼ਾਂਤੀ ਬਹਾਲੀ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਉਪਲਬਧ ਕਰਵਾਉਣ ਲਈ ਕਿਹਾ ਹੈ।
ਸੂਬਾ ਸਰਕਾਰ ਨੂੰ ਛੇਤੀ ਤੋਂ ਛੇਤੀ ਇਸ ਮਾਮਲੇ ਬਾਰੇ ਰਿਪੋਰਟ ਸੌਂਪਣ ਲਈ ਕਿਹਾ ਹੈ। ਬੀਤੇ ਸਨਿੱਚਰਵਾਰ ਨੂੰ ਅਲਵਰ ਦੇ ਤਲਵਾਂਡੀ ਪਿੰਡ ਵਿੱਚ ਗਊ ਸਮੱਗਲਰ ਹੋਣ ਦੇ ਸ਼ੱਕ ਹੇਠ 28 ਸਾਲਾ ਰਕਬਰ ਖ਼ਾਨ ਨੂੰ ਕੁਝ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਰਾਜਸਥਾਨ ਪੁਲਿਸ ਨੇ ਵੀ ਇਸ ਦੋਸ਼ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਹੈ ਕਿ ਅਲਵਰ ਪੁਲਿਸ ਨੇ ਗਊਆਂ ਦੀ ਸਮੱਗਲਿੰਗ ਹੋਣ ਦੇ ਸ਼ੱਕ ਹੇਠ ਰਕਬਰ ਖ਼ਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਣ ਵਿੰਚ ਬਹੁਤ ਦੇਰੀ ਕਰ ਦਿੱਤੀ ਸੀ।
ਰਕਬਰ ਖ਼ਾਨ ਆਪਣੇ ਪਰਿਵਾਰ ਲਈ ਇੱਕੋ-ਇੱਕ ਕਮਾਊ ਮੈਂਬਰ ਸੀ। ਉਹ ਹਰਿਆਣਾ ਦੇ ਮੇਵਾਤ ਜਿ਼ਲ੍ਹੇ ਦਾ ਰਹਿਣ ਵਾਲਾ ਸੀ। ਹੁਣ ਉਸ ਦੇ ਆਸ਼ਰਿਤਾਂ ਸਾਹਵੇਂ ਜਿਊਣ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਰਕਬਰ ਦੇ ਘਰ `ਚ ਪਤਨੀ, ਮਾਤਾ-ਪਿਤਾ ਤੇ ਸੱਤ ਬੱਚੇ ਹਨ।