ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਅਵਨੀਸ਼ ਜੌਲੀ ਕੈਨੇਡਾ ’ਚ ਲੜ ਰਹੇ ਕੋਰੋਨਾ–ਜੰਗ

ਚੰਡੀਗੜ੍ਹ ਦੇ ਅਵਨੀਸ਼ ਜੌਲੀ ਕੈਨੇਡਾ ’ਚ ਲੜ ਰਹੇ ਕੋਰੋਨਾ–ਜੰਗ

ਚੰਡੀਗੜ੍ਹ ਦੇ ਡਾਕਟਰ–ਵਕੀਲ ਅਵਨੀਸ਼ ਜੌਲੀ ਹੁਣ ਕੈਨੇਡਾ ’ਚ ਕੋਰੋਨਾ ਵਿਰੁੱਧ ਜੰਗ ’ਚ ਮੋਹਰੀ ਭੂਮਿਕਾ ਨਿਭਾਉਣ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (WHO)  ਦੇ ਭਾਰਤ  'ਚ ਕਾਰਡੀਓ–ਵੈਸਕਿਊਲਰ ਨਾਲ ਸਬੰਧਤ ਮਾਮਲਿਆਂ ਲਈ ਕੰਮ ਕਰ ਰਹੇ ਡਾ. ਮੁਹੰਮਦ ਰਫ਼ੀਕ ਨੇ ਸ੍ਰੀ ਜੌਲੀ ਨੂੰ ਇੱਕ ਸੋਸ਼ਲ ਰੈਸਪੌਂਡਰ ਵਜੋਂ ਕੋਰੋਨਾ ਵਿਰੁੱਧ ਜੰਗ ਲੜਨ ਦਾ ਸੱਦਾ ਦਿੱਤਾ ਹੈ। 

 

ਡਾ. ਜੌਲੀ ਨੂੰ ਕੈਨੇਡਾ ਦੇ ਪ੍ਰਵਾਸੀਆਂ – ਖਾਸ ਕਰਕੇ ਭਾਰਤੀ ਮੂਲ ਦੇ ਤੇ ਹੋਰ ਭਾਈਚਾਰਿਆਂ ’ਚ ਵਿਚਰਦਿਆਂ ਕੋਰੋਨਾ ਦੇ ਖਾਤਮੇ ਲਈ ਇੱਕਜੁਟ ਹੋ ਕੇ ਲੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਆਮ ਲੋਕਾਂ ਨਾਲ ਮਿਲ ਕੇ ਕੋਵਿਡ–19 ਨਾਲ ਟੱਕਰ ਲੈਣ ਦੇ ਹੋਰ ਨਵੇਂ ਮੌਲਿਕ ਤੇ ਸਿਰਜਣਾਤਮਕ ਤਰੀਕੇ ਜਾਣਨਗੇ।

 

 

ਕੇਰਲ ਦੇ ਵਾਇਨਾਡ ਜ਼ਿਲ੍ਹੇ 'ਚ WHO ਲਈ ਸਰਗਰਮ ਡਾ. ਮੁਹੰਮਦ ਰਫ਼ੀਕ ਨੇ ਦੱਸਿਆ ਕਿ ਡਾ. ਜੌਲੀ ਉਨ੍ਹਾਂ ਲਈ ਇੱਕ ਸੋਸ਼ਲ ਰੈਸਪੌਂਡਰ ਵਜੋਂ ਕੰਮ ਕਰਨਗੇ ਤੇ ਕੋਵਿਡ–19 ਨੂੰ ਹਰਾਉਣ ਲਈ ਇੱਕਜੁਟ ਹੰਭਲ਼ਾ ਮਾਰਨਗੇ।

ਡਾ. ਮੁਹੰਮਦ ਰਫ਼ੀਕ

 

ਇਸ ਵੇਲੇ ਪੂਰੀ ਦੁਨੀਆ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਲਈ ਇੱਕਜੁਟ ਹੋ ਚੁੱਕੀ ਹੈ। ਦੁਨੀਆ ਦੇ ਕੋਣੇ–ਕੋਣੇ ’ਚ ਜਿੱਥੇ ਕਿਤੇ ਵੀ ਭਾਰਤੀ ਮੌਜੂਦ ਹਨ, ਉਹ ਹੁਣ ਇਸ ਘਾਤਕ ਵਾਇਰਸ ਵਿਰੁੱਧ ਜ਼ੋਰਦਾਰ ਢੰਗ ਨਾਲ ਡਟ ਰਹੇ ਹਨ।

 

 

ਵਿਸ਼ਵ ਸਿਹਤ ਸੰਗਠਨ (WHO) ਦੇ ਕਾਰਡੀਓ ਵੈਸਕਿਊਲਰ ਮਾਮਲਿਆਂ ਦੇ ਭਾਰਤ ’ਚ ਇੰਚਾਰਜ ਡਾ. ਮੁਹੰਮਦ ਰਫ਼ੀਕ ਨੇ ਸ੍ਰੀ ਅਵਨੀਸ਼ ਜੌਲੀ ਨੂੰ ਕੈਨੇਡਾ ਵਿੱਚ ਕੋਰੋਨਾ–ਜੰਗ ਲਈ ਡਟਣ ਦਾ ਸੱਦਾ ਦਿੱਤਾ ਸੀ। ਅਵਨੀਸ਼ ਜੌਲੀ ਨੇ ਤੁਰੰਤ ਹਾਂ ਕਰ ਦਿੱਤੀ ਤੇ ਉਹ ਇਸ ਮੈਦਾਨ ’ਚ ਕੁੱਦ ਗਏ।

 

 

ਇਸ ਤੋਂ ਪਹਿਲਾਂ ਚੰਡੀਗੜ੍ਹ ’ਚ ਡਾ. ਅਵਨੀਸ਼ ਜੌਲੀ ਦੀ ਏਡਜ਼–ਵਿਰੋਧੀ ਜੰਗ ਤੇ ਕਾਊਂਸਲਿੰਗ ਨੂੰ ਕੌਣ ਭੁਲਾ ਸਕਦਾ ਹੈ। ਖੂਬਸੂਰਤ ਸ਼ਹਿਰ ਵਜੋਂ ਜਾਣੇ ਜਾਂਦੇ ਪੰਜਾਬ ਦੇ ਰਾਜਧਾਨੀ–ਸ਼ਹਿਰ ਚੰਡੀਗੜ੍ਹ ’ਚ ਏਡਜ਼–ਹੈਲਪਲਾਈਨ 1097 ਦੀ ਸ਼ੁਰੂਆਤ ਡਾ. ਜੌਲੀ ਨੇ ਹੀ 1 ਜਨਵਰੀ, 1999 ਨੂੰ ਕਰਵਾਈ ਸੀ।

 

 

ਚੰਡੀਗੜ੍ਹ ਦੇ ਜੰਮਪਲ਼ ਅਵਨੀਸ਼ ਜੌਲੀ ਆਯੁਰਵੇਦ ਦੇ ਕੁਆਲੀਫ਼ਾਈਡ (BAMS) ਡਾਕਟਰ ਵੀ ਹਨ ਤੇ ਹੁਣ ਉਹ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ’ਚ ਸਾਲਿਸਿਟਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ‘ਜੌਲੀ ਪ੍ਰੋਫ਼ੈਸ਼ਨਲ ਲਾੱਅ ਕਾਰਪੋਰੇਸ਼ਨ’ ਉਨ੍ਹਾਂ ਦੀ ਫ਼ਰਮ ਹੈ। ਡਾਕਟਰੀ ਤੋਂ ਬਾਅਦ ਸ੍ਰੀ ਜੌਲੀ ਨੇ ਭਾਰਤ ’ਚ ਹੀ ਵਕਾਲਤ ਵੀ ਪਾਸ ਕਰ ਲਈ ਸੀ।

 

 

ਕੱਲ੍ਹ ਸਨਿੱਚਰਵਾਰ ਨੂੰ ਉਨ੍ਹਾਂ ਨੇ ਕੈਨੇਡਾ ਦੇ ਪ੍ਰਸਿੱਧ ਰੈੱਡ ਐੱਫ਼ਐੱਮ 106.7 ਰੇਡੀਓ ਪ੍ਰੋਗਰਾਮ ‘ਸਮੁੰਦਰੋਂ ਪਾਰ’ ’ਚ ਮੋਨਿਕਾ ਓਬਰਾਏ ਨਾਲ ਗੱਲਬਾਤ ਦੌਰਾਨ ਵੀ ਆਮ ਜਨਤਾ ਨੂੰ ਕੋਵਿਡ–19 ਨੂੰ ਹਰਾਉਣ ਲਈ ਜ਼ੋਰਦਾਰ ਢੰਗ ਨਾਲ ਡਟਣ ਦਾ ਸੱਦਾ ਦਿੱਤਾ।

 

 

ਡਾ. ਜੌਲੀ ਨੇ ਮੋਨਿਕਾ ਓਬਰਾਏ ਨਾਲ ਇਸ ਗੱਲਬਾਤ ਦੌਰਾਨ ਮਦਰ ਟੈਰੇਸਾ ਦੇ ਇੱਕ ਕਥਨ ਦੇ ਹਵਾਲੇ ਨਾਲ ਆਖਿਆ ਕਿ ਸੰਕਟ ਦੀ ਇਸ ਘੜੀ ਵਿੱਚ ਤੁਸੀਂ ਲੀਡਰਾਂ ਨੂੰ ਨਾ ਉਡੀਕੋ, ਸਗੋਂ ਇਕੱਲੇ ਹੀ ਅੱਗੇ ਵਧਦੇ ਜਾਓ। ਆਪੋ– ਆਪਣੇ ਗੁਆਂਢੀ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਗਰੂਕ ਕਰੋ। ਹਰ ਵਿਅਕਤੀ ਜੇ ਵਿਅਕਤੀਗਤ ਉੱਦਮ ਵੀ ਕਰਦਾ ਜਾਵੇ, ਤਾਂ ਉਹ ਇਸ ਕੋਰੋਨਾ–ਵਿਰੋਧੀ ਜੰਗ ’ਚ ਜ਼ਰੂਰ ਜਿੱਤ ਜਾਵੇਗਾ।

ਕੈਨੇਡਾ ਦੇ ਰੇਡੀਓ ਪ੍ਰੋਗਰਾਮ 'ਸਮੁੰਦਰੋਂ ਪਾਰ' ਦੀ ਮੇਜ਼ਬਾਨੀ ਕਰਦੇ ਮੋਨਿਕਾ ਓਬਰਾਏ

 

ਡਾ. ਜੌਲੀ ਰਾਸ਼ਟਰੀ ਅਖੰਡਤਾ, ਦੱਖਣੀ ਏਸ਼ੀਆ ਸਹਿਯੋਗ, ਐੱਚਆਈਵੀ/ਏਡਜ਼ ਹੈਲਥ ਰਾਈਟਸ (ਸਿਹਤ ਅਧਿਕਾਰ), ਕੰਨਿਆ ਭਰੂਣ ਹੱਤਿਆ, ਮਹਿਲਾਵਾਂ ਦੇ ਅਧਿਕਾਰ, ਸਭਨਾਂ ਲਈ ਨਿਆਂ ਤੇ ਪ੍ਰਵਾਸੀਆਂ ਦੇ ਕਲਿਆਣ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ। ਹੁਣ ਉਹ ਆਪਣਾ ਧਿਆਨ ਕੋਰੋਨਾ ਵਾਇਰਸ ਵਿਰੋਧੀ ਜੰਗ ’ਤੇ ਲਾ ਰਹੇ ਹਨ।

 

 

‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨਾਲ ਖਾਸ ਗੱਲਬਾਤ ਦੌਰਾਨ ਡਾ. ਅਵਨੀਸ਼ ਜੌਲੀ ਨੇ ਕਿਹਾ ਕਿ ਕੈਨੇਡਾ ਵਾਲੰਟੀਅਰ ਐਕਸ਼ਨ ਦੀ ਧਰਤੀ ਹੈ ਤੇ ਭਾਰਤੀ ਵੀ ਕਦੇ ਵਲੰਟੀਅਰ ਸੇਵਾ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਚੇਤੇ ਕਰਵਾਇਆ ਕਿ ਭਾਰਤ ’ਚ ਜਦੋਂ ਟੀ.ਬੀ. (ਤਪੇਦਿਕ) ਰੋਗ ਦੀ ਮਹਾਮਾਰੀ ਫੈਲੀ ਸੀ, ਤਦ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨੇ ਲਾਹੌਰ (ਹੁਣ ਪਾਕਿਸਤਾਨ ’ਚ) ਵਿਖੇ ਆਪਣੀ ਮਾਂ ਗੁਲਾਬ ਦੇਵੀ ਦੇ ਨਾਂਅ ’ਤੇ ਇੱਕ ਟੀ.ਬੀ. ਹਸਪਤਾਲ ਸਥਾਪਤ ਕਰਵਾਇਆ ਸੀ। ਇਹ ਟੀ.ਬੀ. ਹਸਪਤਾਲ ਅੱਜ ਵੀ ਲਾਹੌਰ ’ਚ ਕੰਮ ਕਰ ਰਿਹਾ ਹੈ ਤੇ ਇਸ ਦੀ ਸਮਰੱਥਾ 1,500 ਬਿਸਤਰਿਆਂ ਦੀ ਹੈ।

 

 

ਡਾ. ਜੌਲੀ ਨੇ ਕਿਹਾ ਕਿ ਪੰਜਾਬੀਆਂ ਸਮੇਤ ਸਮੂਹ ਭਾਰਤੀ ਤਦ ਟੀ.ਬੀ. ਮਹਾਮਾਰੀ ਵੇਲੇ ਵੀ ਡਟੇ ਸਨ ਤੇ ਹੁਣ ਮਾਰੂ ਕੋਰੋਨਾ ਵਾਇਰਸ ਵਿਰੁੱਧ ਵੀ ਡਟੇ ਹੋਏ ਹਨ। ਉਨ੍ਹਾਂ ਸਮੂਹ ਭਾਰਤ ਵਾਸੀਆਂ ਨੂੰ ਕੋਰੋਨਾ–ਲੌਕਡਾਊਨ ਦੌਰਾਨ ਆਪੋ–ਆਪਣੇ ਘਰਾਂ ਅੰਦਰ ਰਹਿ ਕੇ ਤੰਦਰੁਸਤ ਰਹਿਣ ਦੀ ਅਪੀਲ ਕੀਤੀ।

 

 

ਡਾ. ਅਵਨੀਸ਼ ਜੌਲੀ ਨੇ ਕਿਹਾ ਕਿ ਸਮੂਹ ਪੰਜਾਬੀ ਅੱਜ ਵੀ ਲੋਕਾਈ ਦੀ ਸੇਵਾ ਕਰਦੇ ਸਮੇਂ ਭਗਤ ਪੂਰਨ ਸਿੰਘ ਹੁਰਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਮੌਜੂਦਾ ਸਮੇਂ ਦੌਰਾਨ ਪੰਜਾਬ ਦੇ ਹਰ ਸ਼ਹਿਰ ਤੇ ਕਸਬੇ ’ਚ ਲੰਗਰ ਲੱਗ ਰਹੇ ਹਨ; ਜਿਸ ਦਾ ਲਾਭ ਨਿਸ਼ਚਤ ਤੌਰ ’ਤੇ ਉਨ੍ਹਾਂ ਦਿਹਾੜੀਦਾਰ ਮਜ਼ਦੂਰਾਂ ਤੇ ਕਾਮਿਆਂ ਨੂੰ ਮਿਲ ਰਿਹਾ ਹੈ, ਜਿਹੜੇ ਕੋਰੋਨਾ–ਕਰਫ਼ਿਊ ਤੇ ਲੌਕਡਾਊਨ ਕਾਰਨ ਅੱਜ–ਕੱਲ੍ਹ ਬੇਰੁਜ਼ਗਾਰ ਹੋ ਗਏ ਹਨ।

 

 

ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਆਪਣੀ ਸੂਝਬੁਝ ਤੋਂ ਕਿਤੇ ਜ਼ਿਆਦਾ ਬਹਾਦਰ ਤੇ ਬਲਵਾਨ ਹੁੰਦਾ ਹੈ। ‘ਤੁਸੀਂ ਜਿੰਨੇ ਦਿਸਦੇ ਹੋ – ਉਸ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਤੇ ਜਿੰਨੇ ਤੁਸੀਂ ਸੋਚਦੇ ਹੋ – ਉਸ ਤੋਂ ਕਿਤੇ ਜ਼ਿਆਦਾ ਸਮਾਰਟ ਹੋ।’

 

 

ਇੱਥੇ ਵਰਨਣਯੋਗ ਹੈ ਕਿ ਡਾ. ਅਵਨੀਸ਼ ਜੌਲੀ ਇਸ ਵੇਲੇ ਜਿਹੜੇ ਸ਼ਹਿਰ ਵਿਨੀਪੈਗ ’ਚ ਰਹਿ ਰਹੇ ਹਨ, ਸਵਾਮੀ ਵਿਵੇਕਾਨੰਦ ਉੱਥੇ 1893 ’ਚ ਪੁੱਜੇ ਸਨ। ਉਹ ਉਸੇ ਵਰ੍ਹੇ ਵਿਸ਼ਵ ਦੀ ‘ਪਾਰਲੀਮੈਂਟ ਆੱਫ਼ ਰਿਲੀਜਨਸ’ ਨੂੰ ਸੰਬੋਧਨ ਕਰਨ ਲਈ ਅਮਰੀਕਾ ਜਾਂਦੇ ਸਮੇਂ ਵਿਨੀਪੈੱਗ ’ਚ ਰੁਕੇ ਸਨ। ਡਾ. ਜੌਲੀ ਜਿੰਨੀ ਤਾਕਤ ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਤੋਂ ਲੈਂਦੇ ਹਨ, ਓਨੀ ਹੀ ਵਿਚਾਰਕ–ਊਰਜਾ ਉਹ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਵੀ ਲੈਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh s Avnish Jolly to fight with Corona in Canada