ਚੰਦਰਯਾਨ -2 ਦੇ ਵਿਕਰਮ ਲੈਂਡਰ ਨਾਲ ਸੰਪਰਕ ਸਥਾਪਤ ਕਰਨ ਨੂੰ ਲੈ ਕੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸਰੋ ਚੰਦਰਯਾਨ-2 ਦੇ ਮਿਸ਼ਨ ਸਬੰਧੀ ਲਗਾਤਾਰ ਅਪਡੇਟ ਉਪਲਬੱਧ ਕਰ ਰਿਹਾ ਹੈ।
ਤਾਜ਼ਾ ਅਪਡੇਟ ਵਿੱਚ ਇਸਰੋ ਨੇ ਕਿਹਾ ਕਿ ਵਿਕਰਮ ਲੈਂਡਰ ਦੀ ਸਥਿਤੀ ਦਾ ਚੰਦਰਯਾਨ -2 ਦੇ ਆਰਬਿਟਰ ਦੁਆਰਾ ਪਤਾ ਲਗਾ ਲਿਆ ਗਿਆ ਹੈ, ਪਰ ਅਜੇ ਤੱਕ ਇਸ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ। ਵਿਕਰਮ ਲੈਂਡਰ ਨਾਲ ਸੰਚਾਰ ਸਥਾਪਤ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਇਕ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ 'ਚੰਦਰਯਾਨ -2 ਲੈਂਡਰ' ਵਿਕਰਮ ਚੰਦਰਮਾ ਦੀ ਸਤਹ 'ਤੇ ਸੁਰੱਖਿਅਤ ਅਤੇ ਸਾਬੁਤ ਸਥਿਤੀ ਵਿੱਚ ਹੈ ਅਤੇ ਇਹ ਟੁੱਟਾ ਨਹੀਂ ਹੈ। ਹਾਲਾਂਕਿ, 'ਹਾਰਡ ਲੈਂਡਿੰਗ' ਕਾਰਨ ਇਹ ਝੁਕ ਗਿਆ ਹੈ ਅਤੇ ਇਸ ਨੂੰ ਮੁੜ ਸਥਾਪਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚੰਦਰਯਾਨ–2 ਦੇ ਲੈਂਡਰ ਵਿਕਰਮ ਦਾ ਚੰਦ ਉੱਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਗਿਆ ਸੀ। ਸੰਪਰਕ ਉਸ ਸਮੇਂ ਟੁੱਟਿਆ ਜਦੋਂ ਲੈਂਡਰ ਚੰਦ ਦੀ ਸਤਹ ਨਾਲੋਂ 2.1 ਕਿਲੋਮੀਟਰ ਦੀ ਉੱਚਾਈ ਉੱਤੇ ਸੀ। ਲੈਂਡਰ ਦੇ ਅੰਦਰ 'ਪ੍ਰਾਗਿਆਨ' ਨਾਮ ਦਾ ਇੱਕ ਰੋਵਰ ਵੀ ਹੈ।
ਮਿਸ਼ਨ ਨਾਲ ਜੁੜੇ ਇੱਕ ਇਸਰੋ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਆਰਬਿਟ ਦੇ ਕੈਮਰੇ ਤੋਂ ਭੇਜੀਆਂ ਗਈਆਂ ਤਸਵੀਰਾਂ ਅਨੁਸਾਰ, ਇਹ ਤੈਅ ਥਾਂ ਤੋਂ ਬਹੁਤ ਨੇੜੇ ਇੱਕ ਹਾਰਡ ਲੈਂਡਿੰਗ ਸੀ। ਲੈਂਡਰ ਉਥੇ ਸਲਾਮਤ ਹੈ, ਇਸ ਦੇ ਟੁਕੜੇ ਨਹੀਂ ਹੋਏ ਹਨ। ਉਹ ਝੁਕੀ ਹੋਈ ਸਥਿਤੀ ਵਿੱਚ ਹੈ।