ਸੰਸਦ ਦੇ ਸਰਦ–ਰੁੱਤ ਸੈਸ਼ਨ ਦੇ ਦੂਜੇ ਦਿਨ ਵੀ ਲੋਕ ਸਭਾ ਦਾ ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ ਤੇ ਕਾਂਗਰਸੀ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੋਂ SPG ਸੁਰੱਖਿਆ ਵਾਪਸ ਲਏ ਜਾਣ ਦੇ ਮੁੱਦੇ ’ਤੇ ਕਾਂਗਰਸ, ਡੀਐੱਮਕੇ ਦੇ ਮੈਂਬਰਾਂ ਨੇ ਸਮੁੱਚੇ ਪ੍ਰਸ਼ਨ–ਕਾਲ ਦੌਰਾਨ ਸਪੀਕਰ ਨੇੜੇ ਜਾ ਕੇ ਨਾਅਰੇਬਾਜ਼ੀ ਕੀਤੀ।
ਸਿਫ਼ਰ–ਕਾਲ ’ਚ ਇਨ੍ਹਾਂ ਪਾਰਟੀਆਂ ਨੇ ਇਸ ਵਿਸ਼ੇ ’ਤੇ ਸਦਨ ’ਚੋਂ ਵਾਕ–ਆਊਟ ਕੀਤਾ। ਸਿਫ਼ਰ–ਕਾਲ ’ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਜਦੋਂ ਇਹ ਵਿਸ਼ਾ ਉਠਾਉਣ ਦਾ ਜਤਨ ਕੀਤਾ, ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਕਾਂਗਰਸੀ ਮੈਂਬਰ ਪਹਿਲਾਂ ਹੀ ਇਹ ਵਿਸ਼ਾ ਨਿਯਮ–ਪ੍ਰਕਿਰਿਆ ਅਧੀਨ ਉਠਾ ਚੁੱਕੇ ਹਨ।
ਸ੍ਰੀ ਚੌਧਰੀ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਮੈਂਬਰਾਂ ਦੀ ਜਾਨ ਖ਼ਤਰੇ ਵਿੱਚ ਹੈ। ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਾਧਾਰਣ ਸੁਰੱਖਿਆ ਹਾਸਲ ਕਰਨ ਵਾਲੇ ਲੋਕ ਨਹੀਂ ਹਨ ਤੇ 1991 ਤੋਂ ਉਨ੍ਹਾਂ ਨੂੰ SPG ਸੁਰੱਖਿਆ ਹਾਸਲ ਹੈ। ਉਨ੍ਹਾਂ ਸੁਆਲ ਕੀਤਾ ਕਿ ਅਚਾਨਕ ਉਨ੍ਹਾਂ ਦੀ SPG ਸੁਰੱਖਿਆ ਵਾਪਸ ਕਿਉਂ ਲੈ ਲਈ ਗਈ ਹੈ?
ਲੋਕ ਸਭਾ ਸਪੀਕਰ ਸ੍ਰੀ ਬਿਰਲਾ ਨੇ ਕਿਹਾ ਕਿ ਸ੍ਰੀ ਚੌਧਰੀ ਇਹ ਵਿਸ਼ਾ ਪਹਿਲਾਂ ਉਠਾ ਚੁੱਕੇ ਹਨ। ਸਪੀਕਰ ਨੇ ਉਨ੍ਹਾਂ ਨੂੰ ਅੱਗੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਕਾਂਗਰਸ ਮੈਂਬਰ ਦੇ ਇਸ ਵਿਸ਼ੇ ਉੱਤੇ ਕੰਮ–ਰੋਕੂ ਮਤੇ ਦੇ ਨੋਟਿਸ ਨੂੰ ਸਪੀਕਰ ਰੱਦ ਕਰ ਚੁੱਕੇ ਹਨ।
ਇਹ ਹੁਣ ਸਿਫ਼ਰ–ਕਾਲ ਦਾ ਵਿਸ਼ਾ ਨਹੀਂ ਹੈ ਤੇ ਇਸ ਨੂੰ ਬਿਨਾ ਨੋਟਿਸ ਦੇ ਕਾਂਗਰਸ ਮੈਂਬਰ ਕਿਵੇਂ ਉਠਾ ਸਕਦੇ ਹਨ। ਤਦ ਕਾਂਗਰਸ ਦੇ ਸਾਰੇ ਮੈਂਬਰ ਖੜ੍ਹੇ ਹੋ ਕੇ ਵਿਰੋਧ ਦਰਜ ਕਰਵਾਉਣ ਲੱਗੇ। ਸ੍ਰੀ ਚੌਧਰੀ ਨੂੰ ਇਸ ਵਿਸ਼ੇ ’ਤੇ ਅੱਗੇ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ’ਤੇ ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਮੈਂਬਰਾਂ ਨੇ ਸਦਨ ’ਚੋਂ ਵਾਕ–ਆਊਟ ਕੀਤਾ।
ਇਸ ਤੋਂ ਬਾਅਦ ਡੀਐੱਮਕੇ ਦੇ ਟੀਆਰ ਬਾਲੂ ਵੀ ਇਹੋ ਵਿਸ਼ਾ ਉਠਾਉਣ ਦਾ ਜਤਨ ਕੀਤਾ ਪਰ ਉਨ੍ਹਾਂ ਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।