ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਰੇਪ ਮਾਮਲੇ ਚ ਦਾਤੀ ਮਹਾਰਾਜ ਖਿਲਾਫ ਚਾਰਜਸ਼ੀਟ ਦਾਖਿਲ ਕਰ ਦਿੱਤੀ ਹੈ। ਪੁਲਿਸ ਨੇ ਇਹ ਚਾਰਜਸ਼ੀਟ ਸਾਕੇਤ ਕੋਰਟ ਚ ਦਾਖਿਲ ਕੀਤੀ ਹੈ। ਦੱਸਣਯੋਗ ਹੈ ਕਿ ਦਾਤੀ ਮਹਾਰਾਜ ਦੀ ਬਿਨਾ ਗ੍ਰਿਫ਼ਤਾਰੀ ਦੇ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਦਾਤੀ ਅਤੇ ਉਸਦੇ ਤਿੰਨ ਮਤਰੇਈ ਭਰਾਵਾਂ ਦਾ ਨਾਂ ਵੀ ਚਾਰਜਸ਼ੀਟ ਦੇ ਕਾਲਮ ਨੰਬਰ 11 ਚ ਆਰੋਪੀ ਵਜੋਂ ਲਿਖਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕ੍ਰਾਈਮ ਬ੍ਰਾਂਚ ਨੂੰ ਦਾਤੀ ਨੂੰ ਗ੍ਰਿਫ਼ਤਾਰ ਕਰਨ ਲਈ ਲੋੜੀਂਦੇ ਸਬੂਤ ਨਹੀਂ ਮਿਲੇ ਹਨ। ਕ੍ਰਾਈਮ ਬ੍ਰਾਂਚ ਸੂਤਰਾਂ ਮੁਤਾਬਕ ਪੀੜਤਾ ਨੇ ਪਾਲੀ ਆਸ਼ਰਮ ਚ ਜਿਨਾਂ ਤਿੰਨ ਮਿਤੀਆਂ ਤੇ ਉਸਦੇ ਨਾਲ ਰੇਪ ਹੋਣ ਦੀ ਐਫ਼ਆਈਆਰ ਦਰਜ ਕਰਵਾਈ ਸੀ, ਉਨ੍ਹਾਂ ਮਿਤੀਆਂ ਚ ਇੱਕ ਮਿਤੀ ਨੂੰ ਲੜਕੀ ਪਾਲੀ ਆਸ਼ਰਮ ਚ ਮੌਜੂਦ ਨਹੀਂ ਸੀ ਬਲਕਿ ਅਜਮੇਰ ਚ ਆਪਣੇ ਕਾਲਜ ਚ ਮੌਜੂਦ ਸੀ, ਜਿਸਦੇ ਸਬੂਤ ਕਾਲਜ ਚ ਪੀੜਤਾ ਦੀ ਹਾਜ਼ਰੀ ਤੋਂ ਪਤਾ ਚੱਲਿਆ ਹੈ।
ਦੱਸਣਯੋਗ ਹੈ ਕਿ ਪੀੜਤ ਲੜਕੀ ਦੇ ਮੈਜਿਸਟ੍ਰੇਟ ਅਤੇ ਪੁਲਿਸ ਨੂੰ ਦਿੱਤੇ 164 ਦੇ ਬਿਆਨ ਨੂੰ ਆਧਾਰ ਬਣਾਇਆ ਗਿਆ ਹੈ। ਪੀੜਤਾ ਨੇ ਜੂਨ ਮਹੀਨੇ ਚ ਦਾਤੀ ਮਹਾਰਾਜ ਅਤੇ ਉਸਦੇ ਭਰਾਵਾਂ ਖਿਲਾਫ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਨੇ ਫਿਲਹਾਲ ਦਾਤੀ ਅਤੇ ਉਸਦੇ ਆਰੋਪੀ ਭਰਾਵਾਂ ਦਾ ਏਮਜ਼ ਚ ਪੋਟੈਂਸੀ ਟੈਸਟ ਵੀ ਕਰਵਾਇਆ ਹੈ ਜਿਸ ਵਿਚ ਸਾਰੇ ਪਾਜਿਟਿਵ ਹਨ।