ਦਿੱਲੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਹੁਣ ਪਾਰਟੀ ’ਚ ਕੁਝ ਵਿਰੋਧੀ ਸੁਰਾਂ ਵਿਖਾਈ ਦੇਣ ਲੱਗ ਪਈਆਂ ਹਨ। ਦਿੱਲੀ ਮਹਿਲਾ ਕਾਂਗਰਸ ਦੇ ਮੁਖੀ ਸ਼ਰਮਿਸ਼ਠਾ ਮੁਖਰਜੀ ਨੇ ਆਪਣੀ ਹੀ ਪਾਰਟੀ ਦੇ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਤਿੱਖੀ ਆਲੋਚਨਾ ਕੀਤੀ ਹੈ। ਦਰਅਸਲ, ਦਿੱਲੀ ਚੋਣਾਂ ਵਿੱਚ ਭਾਜਪਾ ਦੀ ਹਾਰ ਤੇ ਆਮ ਆਦਮੀ ਪਾਰਟੀ ਦੀ ਜਿੱਤ ਉੱਤੇ ਸ੍ਰੀ ਚਿਦੰਬਰਮ ਨੇ ਇੱਕ ਟਵੀਟ ਕੀਤਾ ਸੀ। ਸ੍ਰੀ ਚਿਦੰਬਰਮ ਨੇ ਆਮ ਆਦਮੀ ਪਾਰਟੀ ਦੀ ਜਿੱਤ ਉੱਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ।
ਪਰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਤੇ ਪਾਰਟੀ ਦੀ ਤਰਜਮਾਨ ਸ਼ਰਮਿਸ਼ਠਾ ਮੁਖਰਜੀ ਨੇ ਸ੍ਰੀ ਚਿਦੰਬਰਮ ਤੋਂ ਪੁੱਛਿਆ ਹੈ ਕਿ ਕੀ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦਾ ਠੇਕਾ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਹੈ?
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇੱਕ ਦਿਨ ਬਾਅਦ ਹੀ ਸ਼ਰਮਿਸ਼ਠਾ ਮੁਖਰਜੀ ਨੇ ਪੀ. ਚਿਦੰਬਰਮ ’ਤੇ ਹਮਲਾ ਬੋਲਿਆ ਤੇ ਪੁੱਛਿਆ ਕਿ ਜੇ ਕਾਂਗਰਸ ਨੇ ਆਊਟਸੋਰਸ ਕਰ ਹੀ ਲਿਆ ਹੈ, ਤਾਂ ਕੀ ਸਾਨੂੰ ਆਪਣੀ ਦੁਕਾਨ ਬੰਦ ਕਰ ਦੇਣੀ ਚਾਹੀਦੀ ਹੈ?
ਸ੍ਰੀਮਤੀ ਮੁਖਰਜੀ ਨੇ ਆਪਣੇ ਇੱਕ ਟਵੀਟ ’ਚ ਲਿਖਿਆ ਕਿ – ‘ਬੇਹੱਦ ਸਤਿਕਾਰ ਨਾਲ, ਚਿਦੰਬਰਮ ਸਰ ਮੈਂ ਬੱਸ ਇਹੋ ਜਾਣਨਾ ਚਾਹੁੰਦੀ ਹਾਂ ਕਿ ਕੀ ਕਾਂਗਰਸ ਨੇ ਭਾਜਪਾ ਨੂੰ ਹਰਾਉਣ ਦਾ ਕੰਮ ਠੇਕੇ ’ਤੇ ਦੇ (ਆਊਟਸੋਰਸ ਕਰ) ਦਿੱਤਾ ਹੈ? ਜੇ ਨਹੀਂ, ਤਾਂ ਫਿਰ ਅਸੀਂ ਆਪਣੀ ਹਾਰ ਦੀ ਥਾਂ ਆਮ ਆਦਮੀ ਪਾਰਟੀ ਦੀ ਜਿੱਤ ’ਤੇ ਮਾਣ ਕਿਉਂ ਕਰ ਰਹੇ ਹਾਂ? ਅਤੇ ਜੇ ਆਊਟਸੋਰਸ ਕੀਤਾ ਹੈ, ਤਾਂ ਸਾਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਆਪਣੀ ਦੁਕਾਨ ਬੰਦ ਕਰ ਦੇਣੀ ਚਾਹੀਦੀ ਹੈ।’
ਦਰਅਸਲ, ਸ੍ਰੀ ਪੀ. ਚਿਦੰਬਰਮ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਉੱਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ। ਉਨ੍ਹਾਂ ਆਪਣੇ ਇੱਕ ਟਵੀਟ ’ਚ ਆਖਿਆ ਸੀ ਕਿ – ‘ਆਮ ਆਦਮੀ ਪਾਰਟੀ ਦੀ ਜਿੱਤ ਹੋਈ ਅਤੇ ਬੇਵਕੂਫ਼ ਬਣਾਉਣ ਵਾਲੇ ਤੇ ਐਂਵੇਂ ਉਰਲੀਆਂ–ਪਰਲੀਆਂ ਹੱਕਣ ਵਾਲਿਆਂ ਦੀ ਹਾਰ। ਦਿੱਲੀ ਦੇ ਲੋਕ, ਜੋ ਭਾਰਤ ਦੇ ਸਾਰੇ ਹਿੱਸਿਆਂ ਤੋਂ ਹਨ, ਨੇ ਭਾਜਪਾ ਦੇ ਧਰੁਵੀਕਰਨ, ਫੁੱਟ–ਪਾਊ ਅਤੇ ਖ਼ਤਰਨਾਕ ਏਜੰਡੇ ਨੂੰ ਹਰਾਇਆ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ 2021 ਅਤੇ 2022 ’ਚ ਹੋਰ ਰਾਜਾਂ, ਜਿੱਥੇ ਚੋਣਾਂ ਹੋਣਗੀਆਂ, ਲਈ ਮਿਸਾਲ ਪੇਸ਼ ਕੀਤੀ ਹੈ।’
ਸ੍ਰੀ ਚਿਦੰਬਰਮ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਵਿਰੋਧੀ ਧਿਰ ਲਈ ਹੌਸਲਾ–ਵਧਾਊ ਨਤੀਜਾ ਕਰਾਰ ਦਿੱਤਾ ਹੈ।