ਚੀਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲਿਆਉਣ ਅਤੇ ਵੁਹਾਨ 'ਚ ਰਹਿੰਦੇ ਭਾਰਤੀਆਂ ਨੂੰ ਵਾਪਸ ਲਿਜਾਉਣ ਲਈ ਭਾਰਤੀ ਹਵਾਈ ਸੈਨਾ ਦੇ ਜਹਾਜ਼ ਭੇਜਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ 'ਚ ਦੇਰੀ ਕਰ ਰਿਹਾ ਹੈ। ਅਧਿਕਾਰਕ ਸੂਤਰਾਂ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਇਕ ਉੱਚ ਪੱਧਰੀ ਸੂਤਰ ਨੇ ਕਿਹਾ, "ਚੀਨ ਜਾਣਬੁੱਝ ਕੇ ਨਾਗਰਿਕਾਂ ਨੂੰ ਕੱਢਣ ਲਈ ਜਹਾਜ਼ ਨੂੰ ਮਨਜ਼ੂਰੀ ਦੇਣ 'ਚ ਦੇਰੀ ਕਰ ਰਿਹਾ ਹੈ।"
ਭਾਰਤ ਨੂੰ ਕੋਰੋਨਾ ਵਾਇਰਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਚੀਨੀ ਸ਼ਹਿਰ ਵੁਹਾਨ 'ਚ 20 ਫਰਵਰੀ ਨੂੰ ਸੀ-17 ਫ਼ੌਜੀ ਹਵਾਈ ਜਹਾਜ਼ ਭੇਜਣਾ ਸੀ, ਪਰ ਮਨਜੂਰੀ ਨਾ ਮਿਲਣ ਕਾਰਨ ਜਹਾਜ਼ ਉਡਾਣ ਨਹੀਂ ਭਰ ਸਕਿਆ। ਦੱਸ ਦੇਈਏ ਕਿ ਚੀਨ 'ਚ ਜਾਨਲੇਵਾ ਕੋਰੋਨਾ ਵਾਇਰਸ ਨਾਲ 118 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2,345 ਹੋ ਗਈ ਹੈ ਅਤੇ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 76,288 ਤੱਕ ਪੁੱਜ ਗਈ ਹੈ।
Sources: Chinese deliberately delaying the grant of clearance for the evacuation flight. #CoronaVirus https://t.co/nPbAj8JyLh
— ANI (@ANI) February 22, 2020
ਉੱਧਰ ਈਰਾਨ 'ਚ ਕੋਰੋਨਾ ਵਾਇਰਸ ਦੇ 13 ਨਵੇਂ ਮਰੀਜ਼ਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਇਜ਼ਰਾਈਲ 'ਚ ਵੀ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਰੀਜ਼ ਮਿਲਿਆ ਹੈ। ਭਾਰਤ 'ਚ ਕੋਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ।
ਅਮਰੀਕਾ 'ਚ ਮਰੀਜ਼ਾਂ ਦੀ ਗਿਣਤੀ 35 ਹੋਈ :
ਜਾਪਾਨ ਦੇ ਸਮੁੰਦਰੀ ਤੱਟ 'ਤੇ ਖੜੇ ਕਰੂਜ਼ ਜਹਾਜ਼ ਡਾਇਮੰਡ ਪ੍ਰਿਸੇਸ ਤੋਂ ਅਮਰੀਕਾ ਪਰਤੇ ਘੱਟੋ-ਘੱਟ 18 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਦੇ ਨਾਲ ਹੀ ਅਮਰੀਕਾ 'ਚ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ।