ਨਿਊਕਲੀਅਰ ਸਪਲਾਇਰਜ਼ ਗਰੁੱਪ (NSG) ਵਿੱਚ ਭਾਰਤ ਦੇ ਦਾਖ਼ਲੇ ਦਾ ਵਿਰੋਧ ਚੀਨ ਵੱਲੋਂ ਲਗਾਤਾਰ ਕੀਤਾ ਜਾਂਦਾ ਰਿਹਾ ਹੈ। ਇੱਕ ਵਾਰ ਨਹੀਂ, ਸਗੋਂ ਵਾਰ–ਵਾਰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਸਿਰਫ਼ ਚੀਨ ਹੀ ਅਜਿਹਾ ਦੇਸ਼ ਹੈ, ਜਿਸ ਨੇ ਇਸ ਮਾਮਲੇ ਵਿੱਚ ਕਦੇ ਭਾਰਤ ਦੀ ਹਮਾਇਤ ਨਹੀਂ ਕੀਤੀ।
ਹੁਣ ਚੀਨ ਨੇ ਇੱਕ ਵਾਰ ਫਿਰ ਭਾਰਤ ਦੇ NSG ਵਿੱਚ ਦਾਖ਼ਲੇ ਨੂੰ ਲੈ ਕੇ ਅੜਿੱਕਾ ਡਾਹਿਆ ਹੈ। ਚੀਨ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਨਿਊਕਲੀਅਰ ਸਪਲਾਇਰਜ਼ ਗਰੁੱਪ ਵਿੱਚ ਭਾਰਤ ਦੇ ਦਾਖ਼ਲੇ ਉੱਤੇ ਉਦੋਂ ਤੱਕ ਚਰਚਾ ਨਹੀਂ ਹੋਵੇਗੀ, ਜਦੋਂ ਤੱਕ ਕਿ ਇਸ ਸਮੂਹ ਵਿੱਚ ਪ੍ਰਮਾਣੂ ਹਥਿਆਰਾਂ ਦੇ ਅਪਸਾਰ ਬਾਰੇ ਸੰਧੀ (NPT) ਤੋਂ ਬਾਹਰ ਦੇ ਦੇਸ਼ਾਂ ਦੀ ਭਾਈਵਾਲੀ ਨੂੰ ਲੈ ਕੇ ਇੱਕ ਸਪੱਸ਼ਟ ਯੋਜਨਾ ਤਿਆਰ ਨਹੀਂ ਹੋ ਜਾਂਦੀ।
ਇੱਥੇ ਵਰਨਣਯੋਗ ਹੈ ਕਿ ਭਾਰਤ ਨੇ ਮਈ 2016 ਦੌਰਾਨ ਐੱਨਐੱਸਜੀ ਦੀ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ ਸੀ। ਚੀਨ ਨੇ ਵਾਰ–ਵਾਰ ਭਾਰਤ ਦੀ ਮੈਂਬਰਸ਼ਿਪ ਨੂੰ ਲੈ ਕੇ ਸੁਆਲ ਖੜ੍ਹੇ ਕੀਤੇ ਤੇ ਹੁਣ ਤੱਕ ਵੀ ਆਪਣਾ ਸਮਰਥਨ ਭਾਰਤ ਨੂੰ ਨਹੀਂ ਦਿੱਤਾ।
ਚੀਨ ਦਾ ਮੰਨਣਾ ਹੈ ਕਿ ਪ੍ਰਮਾਣੂ ਸਪਲਾਇਰ ਸਮੂਹ (NSG) ਵਿੱਚ ਦਾਖ਼ਲੇ ਲਈ ਭਾਰਤ ਨੂੰ ਯਕੀਨੀ ਤੌਰ ਉੱਤੇ NPT ਉੱਤੇ ਹਸਤਾਖਰ ਕਰਨੇ ਹੋਣਗੇ। ਗ਼ੈਰ–ਐੱਨਪੀਟੀ ਦੇਸ਼ਾਂ ਨੂੰ ਇਸ ਸਮੂਹ ਵਿੱਚ ਸ਼ਾਮਲ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ। ਇਸ ਲਈ ਸਮੂਹ ਵਿੱਚ ਭਾਰਤ ਦੇ ਦਾਖ਼ਲੇ ਲਈ ਥੋੜ੍ਹਾ ਸਬਰ ਰੱਖਣ ਤੇ ਸਮਝੌਤਾ ਕਰਨ ਦੀ ਜ਼ਰੂਰਤ ਹੈ।