ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੇ ਰਾਸ਼ਟਰਪਤੀ 11 ਨੂੰ ਪੁੱਜਣਗੇ ਭਾਰਤ, ਅਹਿਮ ਹੋਵੇਗੀ ਮੋਦੀ–ਜਿਨਪਿੰਗ ਮੀਟਿੰਗ

ਚੀਨ ਦੇ ਰਾਸ਼ਟਰਪਤੀ 11 ਨੂੰ ਪੁੱਜਣਗੇ ਭਾਰਤ, ਅਹਿਮ ਹੋਵੇਗੀ ਮੋਦੀ–ਜਿਨਪਿੰਗ ਮੀਟਿੰਗ

ਚੀਨ ਦੇ ਰਾਸ਼ਟਰਪਤੀ ਸ੍ਰੀ ਸ਼ੀ ਜਿਨਪਿੰਗ ਸ਼ੁੱਕਰਵਾਰ 11 ਅਕਤੂਬਰ ਨੂੰ ਦੁਪਹਿਰ 1:30 ਵਜੇ ਭਾਰਤ ਦੌਰੇ ਲਈ ਚੇਨਈ ਪੁੱਜ ਰਹੇ ਹਨ। ਉਹ ਬਾਅਦ ’ਚ ਦਿੱਲੀ ਆਉਣਗੇ। ਉਨ੍ਹਾਂ ਦੇ ਭਾਰਤ ਦੌਰੇ ਤੋਂ ਪਹਿਲਾਂ ਕੇਂਦਰ ਸਰਕਾਰ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਕੋਈ ਵੱਡਾ ਕਦਮ ਚੁੱਕ ਸਕਦੀ ਹੈ।

 

 

ਭਾਰਤ ਸਰਕਾਰ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) ਉੱਤੇ ਐੱਮ–777 ਅਲਟ੍ਰਾ–ਲਾਈਟ ਹੌਵਿਟਜ਼ਰ ਤੋਪਾਂ ਤਾਇਨਾਤ ਕਰਨ ਜਾ ਰਹੀ ਹੈ, ਜੋ ਅਮਰੀਕਾ ਤੋਂ ਖ਼ਰੀਦੀਆਂ ਗਈਆਂ ਹਨ।

 

 

ਭਾਰਤ ਸਰਕਾਰ ਨੇ ਨਵੰਬਰ 2016 ਦੌਰਾਨ 145 ਐੱਮ–777 ਖ਼ਰੀਦਣ ਲਈ ਅਮਰੀਕਾ ਤੋਂ 5,070 ਕਰੋੜ ਰੁਪਏ ਦਾ ਸਮਝੌਤਾ ਕੀਤਾ ਸੀ। ਸੌਦੇ ਅਧੀਨ 25 ਤੋਪਾਂ ਪੂਰੀ ਤਰ੍ਹਾਂ ਤਿਆਰ ਹਾਲਤ ਵਿੱਚ ਦਿੱਤੀਆਂ ਜਾਣਗੀਆਂ। ਬਾਕੀ ਦੀਆਂ 120 ਤੋਪਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲ ਅਧੀਨ ਮਹਿੰਦਰਾ ਡਿਫ਼ੈਂਸ ਦੇ ਸਹਿਯੋਗ ਨਾਲ ਸਥਾਨਕ ਪੱਧਰ ’ਤੇ ਬਣਾਈਆਂ ਜਾਣਗੀਆਂ।

 

 

ਫ਼ੌਜ ਦੇ ਸਾਬਕਾ ਉੱਪ–ਮੁਖੀ ਲੈਫ਼ਟੀਨੈਂਟ ਜਨਰਲ (ਸੇਵਾ–ਮੁਕਤ) ਏਐੱਸ ਲਾਂਬਾ ਨੇ ਇਸ ਨੂੰ ਐਡਵਾਂਸਡ ਤੋਪ ਦੱਸਿਆ। ਇਹ ਤੋਪ ਟਾਇਟੇਨੀਅਮ ਦੀ ਮਿਸ਼ਰਤ ਧਾਤ ਨਾਲ ਬਣੀ ਹੋਈ ਹੈ ਤੇ ਇਹ 24 ਤੋਂ 30 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਦੇ ਸਮਰੱਥ ਹੈ।

 

 

ਇਸ ਤੋਂ ਪਹਿਲਾਂ ਪੂਰਬੀ ਤੇ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਤਾਇਨਾਤ ਰਵਾਇਤੀ ਤੋਪਾਂ ਦੇ ਮੁਕਾਬਲੇ ਇਸ ਨਵੀਂ ਅਮਰੀਕੀ ਤੋਪ ਦਾ ਵਜ਼ਨ ਅੱਧਾ ਹੋਵੇਗਾ। ਐਮ–777 ਇੱਕ ਐਡਵਾਂਸਡ (ਅਤਿ–ਆਧੁਨਿਕ) ਕਿਸਮ ਦੀ ਤੋਪ ਹੈ, ਜਿਸ ਦਾ ਭਾਰ 4,218 ਕਿਲੋਗ੍ਰਾਮ ਹੈ।

 

 

ਪਿਛਲੇ ਵਰ੍ਹੇ ਦਸੰਬਰ ’ਚ ਉਦੋਂ ਦੇ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਪਹਿਲੀ ਐੱਮ–777 ਤੋਪ ਦੇਸ਼ ਨੂੰ ਸਮਰਪਿਤ ਕੀਤੀ ਸੀ।

 

 

ਚੇਨਈ ਕੋਲ ਇਤਿਹਾਸਕ ਸ਼ਹਿਰ ਮਾਮੱਲਪੁਰਮ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ੍ਰੀ ਸ਼ੀ ਜਿਨਪਿੰਗ ਨਾਲ ਗ਼ੈਰ–ਰਸਮੀ ਗੱਲਬਾਤ ਹੋਵੇਗੀ। ਇੱਕ ਦਿਨ ਵਿੱਚ ਦੋਵੇਂ ਆਗੂਆਂ ਦੀਆਂ ਚਾਰ ਵੱਖੋ–ਵੱਖਰੀਆਂ ਮੀਟਿੰਗਾਂ ਹੋਣਗੀਆਂ। ਦੋਵੇਂ ਆਗੂ ਸੱਤ ਘੰਟੇ ਇੱਕ–ਦੂਜੇ ਨਾਲ ਬਿਤਾਉਣਗੇ।

 

 

ਕਸ਼ਮੀਰ ਮੁੱਦੇ ਅਤੇ ਵਪਾਰਕ ਜੰਗ ਜਿਹੇ ਮੁੱਦਿਆਂ ਉੱਤੇ ਇਨ੍ਹਾਂ ਮੁਲਾਕਾਤਾਂ ਦੌਰਾਨ ਅਹਿਮ ਗੱਲਬਾਤ ਹੋਣੀ ਹੈ; ਜਦੋਂ ਕਿ ਅਰੁਣਾਚਲ ਪ੍ਰਦੇਸ਼ ’ਚ ਭਾਰਤੀ ਫ਼ੌਜੀ ਅਭਿਆਸ ਜਾਰੀ ਹੈ; ਜਿਸ ਉੱਤੇ ਚੀਨੀ ਵਿਦੇਸ਼ ਮੰਤਰਾਲਾ ਆਪਣਾ ਵਿਰੋਧ ਵੀ ਦਰਜ ਕਰਵਾ ਚੁੱਕਾ ਹੈ। ਇਸ ਤੋਂ ਇਲਾਵਾ ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਦੇ ਮਾਮਲੇ ਨੂੰ ਲੈ ਕੇ ਵੀ ਚੀਨ ਦੇ ਜ਼ਿਆਦਾਤਰ ਪ੍ਰਤੀਕਰਮ ਪਾਕਿਸਤਾਨ ਦੇ ਹੀ ਹੱਕ ਵਿੱਚ ਹਨ।

 

 

ਅਜਿਹੇ ਮਾਹੌਲ ਤੇ ਹਾਲਾਤ ਦੌਰਾਨ ਇਸ ਵਾਰ ਦੀ ਮੋਦੀ–ਜਿਨਪਿੰਗ ਮੁਲਾਕਾਤ ਕੁਝ ਵਧੇਰੇ ਹੀ ਅਹਿਮ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China s President to reach on 11th October Modi-Xinping Meeting will be significant