ਨਾਗਰਿਕਤਾ ਸੋਧ ਬਿਲ ਅੱਜ ਰਾਜ ਸਭਾ ’ਚ ਪੇਸ਼ ਕੀਤਾ ਜਾ ਸਕਦਾ ਹੈ ਤੇ ਇਹ ਯਕੀਨੀ ਤੌਰ ’ਤੇ ਮੋਦੀ ਸਰਕਾਰ ਦੀ ਅਗਨੀ–ਪ੍ਰੀਖਿਆ ਹੋਵੇਗੀ। ਕੱਲ੍ਹ ਦੇਰ ਰਾਤੀਂ ਇਹ ਬਿਲ ਲੋਕ ਸਭਾ ’ਚ ਪਾਸ ਹੋ ਗਿਆ ਸੀ। ਇਸ ਬਿਲ ਦੇ ਹੱਕ ਵਿੱਚ 311 ਵੋਟਾਂ ਪਈਆਂ ਤੇ ਵਿਰੋਧ ’ਚ ਸਿਰਫ਼ 80 ਹੀ ਰਹਿ ਗਈਆਂ।
ਲੋਕ ਸਭਾ ’ਚ ਇਸ ਬਿਲ ਉੱਤੇ ਚਰਚਾ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਅਤੇ ਕੇਂਦਰ ਸਰਕਾਰ ਸਾਹਮਣੇ ਸੁਆਲ ਰੱਖੇ, ਜਿਸ ਦਾ ਜੁਆਬ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ’ਚ ਦਿੱਤਾ। ਨਗਰਿਕਤਾ ਸੋਘ ਬਿਲ ਦੇ ਲੋਕ ਸਭਾ ’ਚ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਲਾਘਾ ਕੀਤਾ।
ਨਾਗਰਿਕਤਾ ਸੋਧ ਬਿਲ ਉੱਤੇ ਬਹਿਸ ਦੌਰਾਨ ਅਮਿਤ ਸ਼ਾਹ ਨੇ ਕਾਂਗਰਸ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੇਸ਼ ਦੀ ਵੰਡ ਨਾ ਕਰਦੀ, ਤਾਂ ਮੈਨੂੰ ਇਹ ਬਿਲ ਲੈ ਕੇ ਨਾ ਆਉਣਾ ਪੈਂਦਾ। ਲੋਕ ਸਭਾ ’ਚ ਸ੍ਰੀ ਸ਼ਾਹ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੇਸ਼ ਵਿੱਚ ਭਰਮ ਦੀ ਹਾਲਤ ਨਾ ਬਣੇ।। ਇਹ ਬਿਲ ਕਿਸੇ ਵੀ ਤਰੀਕੇ ਗ਼ੈਰ–ਸੰਵਿਧਾਨਕ ਨਹੀਂ ਹੈ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਬਿਲ ਧਾਰਾ 14 ਦੀ ਉਲੰਘਣਾ ਨਹੀਂ ਕਰਦਾ। ਧਰਮ ਦੇ ਆਧਾਰ ’ਤੇ ਹੀ ਦੇਸ਼ ਦੀ ਵੰਡ ਹੋਈ ਸੀ। ਦੇਸ਼ ਦੀ ਵੰਡ ਧਰਮ ਦੇ ਆਧਾਰ ’ਤੇ ਨਾ ਹੁੰਦੀ, ਤਾਂ ਵਧੀਆ ਹੁੰਦਾ। ਉਸ ਤੋਂ ਬਾਅਦ ਇਸ ਬਿਲ ਨੂੰ ਲਿਆਉਣ ਦੀ ਲੋੜ ਮਹਿਸੂਸ ਹੋਈ। ਸਾਲ 1950 ’ਚ ਨਹਿਰੂ–ਲਿਆਕਤ ਸਮਝੌਤਾ ਹੋਇਆ ਸੀ, ਜੋ ਧਰਿਆ–ਧਰਾਇਆ ਰਹਿ ਗਿਆ।
ਅਮਿਤ ਸ਼ਾਹ ਨੇ ਕਿਹਾ ਕਿ 1947 ’ਚ ਪਾਕਿਸਤਾਨ ਵਿੱਚ 23 ਫ਼ੀ ਸਦੀ ਹਿੰਦੂ ਸਨ ਪਰ ਉਹੀ ਅੰਕੜਾ ਸਾਲ 2011 ’ਚ ਸਿਰਫ਼ 3.4 ਫ਼ੀ ਸਦੀ ਰਹਿ ਗਿਆ। ਗੁਆਂਢੀ ਦੇਸ਼ਾਂ ਵਿੱਚ ਘੱਟ ਗਿਣਤੀਆਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਵੇਖਦਿਆਂ ਭਾਰਤ ਮੂਕ ਦਰਸ਼ਕ ਬਣਿਆ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਘੱਟ–ਗਿਣਤੀਆਂ ਦੀ ਆਬਾਦੀ ਵਧੀ ਹੈ ਪਰ ਹਿੰਦੂਆਂ ਦੀ ਆਬਾਦੀ ਦੇ ਪ੍ਰਤੀਸ਼ਤ ਵਿੱਚ ਕਮੀ ਆਈ ਹੈ।
ਸ੍ਰੀ ਸ਼ਾਹ ਨੇ ਕਿਹਾ ਕਿ ਭਾਰਾਤ ਵਿੱਚ ਮੁਸਲਿਮ ਆਬਾਦੀ ਪ੍ਰਤੀਸ਼ਤਤਾ ਵਿੱਚ ਵਾਧਾ ਹੋਇਆ ਹੈ। ਗੁਆਂਢੀ ਦੇਸ਼ਾਂ ਦੇ ਘੱਟ–ਗਿਣਤੀਆਂ ਉੱਤੇ ਹੋ ਰਹੇ ਜ਼ੁਲਮਾਂ ਤੋਂ ਭਾਰਤ ਚੁੱਪ ਨਹੀਂ ਬੈਠੇਗਾ।