ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਬਿਲ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਬਿਲ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਇਸ ਨਾਲ ਧਾਰਮਿਕ ਆਧਾਰ ’ਤੇ ਹੋਣ ਵਾਲੇ ਤਸ਼ੱਦਦ ਤੋਂ ਭੱਜ ਕੇ ਆਏ ਲੋਕਾਂ ਨੂੰ ਸਥਾਈ ਰਾਹਤ ਮਿਲੇਗੀ। ਨਾਗਰਿਕਤਾ ਸੋਧ ਬਿਲ ਅੱਜ ਦੁਪਹਿਰ 12 ਵਜੇ ਰਾਜ ਸਭਾ ’ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਸਹੀ 12 ਵਜੇ ਨਾਗਰਿਕਤਾ ਸੋਧ ਬਿਲ ਰਾਜ ਸਭਾ 'ਚ ਪੇਸ਼ ਕਰ ਦਿੱਤਾ।
ਇਸ ਤੋਂ ਪਹਿਲਾਂ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਨਾਗਰਿਕਤਾ ਸੋਧ ਬਿਲ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਸ੍ਰੀ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਅਗਲੇ ਬਜਟ ਉੱਤੇ ਸਮਾਜ ਦੇ ਸਾਰੇ ਵਰਗਾਂ ਨਾਲ ਨੀਤੀਆਂ ਉੱਤੇ ਪ੍ਰਤੀਕਰਮ ਲੈਣ ਤੇ ਉਸ ਨੂੰ ਵਿੱਤ ਮੰਤਰੀ ਨਾਲ ਸਾਂਝਾ ਕਰਨ ਲਈ ਕਿਹਾ ਹੈ।
ਲੋਕ ਸਭਾ ’ਚ ਬਿਲ ਦੀ ਹਮਾਇਤ ਕਰਨ ਵਾਲੀ ਸ਼ਿਵ ਸੈਨਾ ਦੇ ਯੂ–ਟਰਨ ਅਤੇ ਜਨਤਾ ਦਲ (ਯੂਨਾਈਟਿਡ) ਦੀ ਕੁਝ ਅਣਬਣ ਤੋਂ ਬਾਅਦ ਵਿਰੋਧੀ ਧਿਰ ਦਾ ਹੌਸਲਾ ਵਧਿਆ ਹੈ। ਪਰ ਮਾਹਿਰਾਂ ਮੁਤਾਬਕ ਸੰਸਦ ਮੈਂਬਰਾਂ ਦੀ ਗਿਣਤੀ ਸਰਕਾਰ ਨਾਲ ਹੈ।
GST ਕਾਰਨ ਸੂਬਿਆਂ ਨੂੰ ਹੋਣ ਵਾਲੀ ਆਮਦਨ ਦੇ ਘਾਟੇ ਦੀ ਪੂਰਤੀ ਕੇਂਦਰ ਸਰਕਾਰ ਵੱਲੋਂ ਸਮੇਂ ’ਤੇ ਨਾ ਕੀਤੇ ਜਾਣ ਦੇ ਵਿਰੋਧ ’ਚ TRS ਸਮੇਤ ਵੱਖੋ–ਵੱਖਰੀਆਂ ਪਾਰਟੀਆਂ ਦੇ ਹੰਗਾਮੇ ਕਾਰਨ ਰਾਜ ਸਭਾ ਦਾ ਸੈਸ਼ਨ ਸ਼ੁਰੂ ਹੋਣ ਦੇ ਕੁਝ ਹੀ ਚਿਰ ਪਿੱਛੋਂ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ ਹੈ।
ਇਸ ਦੌਰਾਨ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਅੱਜ ਫਿਰ ਕਿਹਾ ਕਿ ਸਾਡੇ ਮਨ ਵਿੱਚ ਕੁਝ ਸ਼ੰਕੇ ਹਲ। ਜੇ ਉਨ੍ਹਾਂ ਦਾ ਜਵਾਬ ਨਹੀਂ ਮਿਲਦਾ ਹੈ, ਤਾਂ ਅਸੀਂ ਵੇਖਾਂਗੇ ਕਿ ਕੀ ਕਰਨਾ ਹੈ। ਰਾਜ ਸਭਾ ’ਚ ਸਾਡੀ ਦੋਵੇਂ ਪਾਸੇ ਵੱਧ ਜ਼ਰੂਰਤ ਹੈ। ਸ੍ਰੀ ਰਾਉਤ ਨੇ ਪੁੱਛਿਆ ਕਿ ਕੀ ਬਿਲ ਨੂੰ ਹਮਾਇਤ ਨਾ ਦੇਣ ਵਾਲੇ ਦੇਸ਼–ਧਰੋਹੀ ਹਨ।
ਉੱਧਰ ਨਾਗਰਿਕਤਾ ਸੋਧ ਬਿਲ ਵਿਰੁੱਧ ਪਟਨਾ ’ਚ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜੱਸਵੀ ਯਾਦਵ ਧਰਨੇ ’ਤੇ ਬੈਠੇ ਹਨ। ਤੇਜੱਸਵੀ ਯਾਦਵ ਨੇ ਇਸ ਬਿਲ ਨੂੰ ਗ਼ੈਰ–ਸੰਵਿਧਾਨਕ ਦੱਸਦਿਆਂ ਕਿਹਾ ਕਿ ਨਿਤਿਸ਼ ਕੁਮਾਰ ਨੇ ਸੱਤਾ ’ਚ ਬਣੇ ਰਹਿਣ ਲਈ ਇਸ ਦੀ ਹਮਾਇਤ ਕੀਤੀ ਹੈ।