ਸੁਪਰੀਮ ਕੋਰਟ ਦੇ ਚੀਫ਼ ਜਸਟਿਸ (CJI) ਰੰਜਨ ਗੋਗੋਈ ਕੱਲ੍ਹ ਭਾਵ ਸਨਿੱਚਰਵਾਰ 17 ਨਵੰਬਰ ਨੂੰ ਰਿਟਾਇਰ ਹੋ ਜਾਣਗੇ। ਭਲਕੇ 16 ਨਵੰਬਰ ਨੂੰ ਉਨ੍ਹਾਂ ਦਾ ਆਖ਼ਰੀ ਕੰਮ–ਕਾਜੀ ਦਿਵਸ ਹੋਵੇਗਾ। ਅੱਜ ਅਦਾਲਤ ’ਚ CJI ਰੰਜਨ ਗੋਗੋਈ ਦੇਸ਼ ਦੇ ਨਵੇਂ CJI ਬਣਨ ਵਾਲੇ ਜਸਟਿਸ ਐੱਸਏ ਬੋਬੜੇ ਦੀ ਅਦਾਲਤ ਨੰਬਰ 1 ਵਿੱਚ ਬੈਠੇ।
ਅੱਜ ਸ਼ੁੱਕਰਵਾਰ ਨੂੰ CJI ਨੇ ਕਾਰਜ–ਸੂਚੀ ਵਿੱਚ ਦਰਜ ਸਾਰੇ 10 ਮਾਮਲਿਆਂ ਵਿੱਚ ਨੋਟਿਸ ਜਾਰੀ ਕੀਤਾ। 17 ਨਵੰਬਰ, 2019 ਨੂੰ ਰਿਟਾਇਰ ਹੋਣ ਤੋਂ ਪਹਿਲਾਂ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਅਯੁੱਧਿਆ ਦੇ ਰਾਮ ਜਨਮ–ਭੂਮੀ–ਬਾਬਰੀ ਮਸਜਿਦ ਤੇ ਰਾਫ਼ੇਲ ਘੁਟਾਲੇ ਜਿਹੇ ਵੱਡੇ ਮਾਮਲਿਆਂ ’ਤੇ ਫ਼ੈਸਲਾ ਦੇ ਚੁੱਕੇ ਹਨ।
CJI ਦੀ ਅਗਵਾਈ ਹੇਠਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ 9 ਨਵੰਬਰ ਨੂੰ ਅਯੁੱਧਿਆ ’ਚ ਰਾਮ ਮੰਦਰ–ਬਾਬਰੀ ਮਸਜਿਦ ਵਿਵਾਦ ਬਾਰੇ ਇਤਿਹਾਸਕ ਫ਼ੈਸਲਾ ਦਿੱਤਾ ਸੀ।
ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਹੱਕ ਵਿੱਚ ਫ਼ੈਸਲਾ ਦਿੰਦਿਆਂ ਮੁਸਲਿਮ ਧਿਰ ਨੂੰ ਅਯੁੱਧਿਆ ’ਚ ਹੀ ਕਿਤੇ ਹੋਰ ਜ਼ਮੀਨ ਦੇਣ ਦਾ ਹੁਕਮ ਉੱਤਰ ਪ੍ਰਦੇਸ਼ ਦੀ ਸੂਬਾ ਸਰਕਾਰ ਨੂੰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਰਾਮ ਮੰਦਰ ਬਣਾਉਣ ਨੂੰ ਲੈ ਕੇ ਕੇਂਦਰ ਸਰਕਾਰ ਇੱਕ ਟ੍ਰੱਸਟੀ ਬੋਰਡ ਬਣਾਵੇ ਤੇ ਤਿੰਨ ਮਹੀਨਿਆਂ ’ਚ ਉਸ ਦੀ ਉਸਾਰੀ ਦੀ ਰੂਪ–ਰੇਖਾ ਤੈਅ ਕਰੇ।
CJI ਰੰਜਨ ਗੋਗੋਈ ਦੇ ਹੁਕਮ ’ਤੇ ਸੁਪਰੀਮ ਕੋਰਟ ’ਚ ਅਯੁੱਧਿਆ ਮਾਮਲੇ ਦੀ ਸੁਣਵਾਈ ਰੋਜ਼ਾਨਾ ਹੁੰਦੀ ਰਹੀ ਸੀ। 40 ਦਿਨਾਂ ਦੀ ਸੁਣਵਾਈ ਤੋਂ ਬਾਅਦ ਸੰਵਿਧਾਨਕ ਬੈਂਚ ਨੇ 16 ਅਕਤੂਬਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਅਯੁੱਧਿਆ ਵਿਵਾਦ ’ਚ ਅਲਾਹਾਬਾਦ ਹਾਈ ਕੋਰਟ ਦੇ ਸਾਲ 2010 ਦੇ ਫ਼ੈਸਲੇ ਨੂੰ ਸਾਰੀਆਂ ਧਿਰਾਂ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ।