ਪੱਛਮੀ ਬੰਗਾਲ ਵਿਚ ਇਕ ਵਾਰ ਫਿਰ ਤੋਂ ਹਿੰਸਾ ਦੀ ਖਬਰ ਹੈ। ਪੱਛਮੀ ਬੰਗਾਲ ਦੇ ਉਤਰ 24 ਪਰਗਨਾ ਜ਼ਿਲ੍ਹੇ ਦੇ ਭਾਟਪਾੜਾ ਵਿਚ ਵੀਰਵਾਰ ਨੂੰ ਦੋ ਗਰੁੱਪਾਂ ਵਿਚ ਝੜਪ ਦੌਰਾਨ ਇਕ ਵਿਅਕਤੀ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਤਿੰਨ ਹੋਰ ਗੰਭੀਰ ਤੌਰ ਉਤੇ ਜ਼ਖਮੀ ਹੋ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਰਾਮਬਾਬੂ ਸ਼ਾਂ ਵਜੋਂ ਹੋਈ ਹੈ, ਜਦੋਂਕਿ ਹਿੰਸਾ ਵਿਚ ਜ਼ਖਮੀ ਹੋਏ ਲੋਕਾਂ ਦੀ ਪਹਿਚਾਣ ਅਜੇ ਨਹੀਂ ਹੋ ਸਕੀ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਨਵਨਿਰਮਿਤ ਥਾਣੇ ਕੋਲ ਦੋ ਵਿਰੋਧੀ ਗਰੁੱਪਾਂ ਦੇ ਮੈਂਬਰਾਂ ਵਿਚ ਤਿੱਖੀ ਝੜਪ ਹੋਈ ਅਤੇ ਇਸ ਦੌਰਾਨ ਕਈ ਬੰਬ ਦਾਗੇ ਗਏ ਅਤੇ ਗੋਲੀਆਂ ਚਲਾਈਆਂ ਗਈਆਂ। ਥਾਣੇ ਦਾ ਵੀਰਵਾਰ ਨੂੰ ਹੀ ਉਦਘਾਟਨ ਹੋਣਾ ਹੈ।
ਆਰਏਐਫ ਦੇ ਜਵਾਨਾਂ ਨਾਲ ਪੁਲਿਸ ਅਧਿਕਾਰੀਆਂ ਦੀ ਇਕ ਪਾਰਟੀ ਖੇਤਰ ਵਿਚ ਤੈਨਾਕ ਕੀਤੀ ਗਈ ਹੈ, ਜਦੋਂ ਕਿ ਹੰਗਾਮੇ ਅਤੇ ਹਿੰਸਾ ਦੇ ਬਾਅਦ ਇਲਾਕੇ ਵਿਚ ਦੁਕਾਨਾਂ ਅਤੇ ਹੋਰ ਵਪਾਰਿਕ ਥਾਵਾਂ ਬੰਦ ਹੋ ਗਈਆਂ। ਭਾਟਪਾੜਾ ਵਿਚ 19 ਮਈ ਨੂੰ ਹੋਈ ਵਿਧਾਨ ਸਭਾ ਚੋਣ ਦੇ ਬਾਅਦ ਝੜਪ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।