ਨਾਗਰਿਕਤਾ ਕਾਨੂੰਨ ਉੱਤੇ ਖੱਬੇ–ਪੱਖੀ ਪਾਰਟੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਅਸਰ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਵਿਖਾਈ ਦੇ ਰਿਹਾ ਹੈ। ਲਾਲ ਕਿਲੇ ਦੇ ਆਲੇ–ਦੁਆਲੇ ਧਾਰਾ 144 ਲਾ ਦਿੱਤੀ ਗਈ ਹੈ; ਜਿਸ ਤੋਂ ਬਾਅਦ ਚਾਰ ਤੋਂ ਵੱਧ ਵਿਅਕਤੀਆਂ ਨੂੰ ਇਕੱਠਾ ਹੋਣ ਉੱਤੇ ਪਾਬੰਦੀ ਰਹੇਗੀ।
ਦਿੱਲੀ ਮੈਟਰੋ ਨੇ 20 ਸਟੇਸ਼ਨਾਂ ’ਚ ਦਾਖ਼ਲ ਹੋਣ ਤੇ ਉੱਥੋਂ ਬਾਹਰ ਨਿੱਕਲਣ ਉੱਤੇ ਰੋਕ ਲਾ ਦਿੱਤੀ ਹੈ। ਇਹ ਮੈਟਰੋ ਸਟੇਸ਼ਨ ਬੰਦ ਰਹਿਣਗੇ – ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ–ਸ਼ਾਹੀਨ ਬਾਗ਼, ਮੁਨੀਰਕਾ, ਲਾਲ ਕਿਲਾ, ਜਾਮਾ ਮਸਜਿਦ, ਚਾਂਦਨੀ ਚੌਕ, ਵਿਸ਼ਵ ਵਿਦਿਆਲਾ, ਪਟੇਲ ਚੌਕ, ਲੋਕ ਕਲਿਆਣ ਮਾਰਗ, ਉਦਯੋਗ ਭਵਨ, ਆਈਟੀਓ, ਪ੍ਰਗਤੀ ਮੈਦਾਨ ਤੇ ਖ਼ਾਨ ਮਾਰਕਿਟ।
ਸ਼ਾਮ ਤੱਕ ਰਾਜੀਵ ਚੌਕ ਤੇ ਕੁਝ ਹੋਰਨਾਂ ਮੈਟਰੋ ਸਟੇਸ਼ਨਾਂ ਨੂੰ ਵੀ ਪ੍ਰਦਰਸ਼ਨਕਾਰੀਆਂ ਦੇ ਹੰਗਾਮੇ ਕਾਰਨ ਬੰਦ ਕਰ ਦਿੱਤਾ ਗਿਆ ਸੀ।
DMRC ਨੇ ਟਵੀਟ ਕੀਤਾ ਕਿ – ਲਾਲ ਕਿਲਾ, ਜਾਮਾ ਮਸਜਿਦ, ਚਾਂਦਨੀ ਚੌਕ ਤੇ ਵਿਸ਼ਵਵਿਦਆਲਾ ਦੇ ਦਾਖ਼ਲੇ ਤੇ ਨਿਕਾਸ ਦੁਆਰ ਬੰਦ ਕੀਤੇ ਗਏ ਹਨ। ਇਨ੍ਹਾਂ ਸਟੇਸ਼ਨਾਂ ਉੱਤੇ ਰੇਲਾਂ ਨਹੀਂ ਰੁਕਣਗੀਆਂ। ਇਸ ਵਿੱਚ ਦੱਸਿਆ ਗਿਆ ਹੈ ਕਿ ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ, ਸ਼ਾਹੀਨ ਬਾਗ਼ ਤੇ ਮੁਨੀਰਕਾ ਸਟੇਸ਼ਨਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਸਟੇਸ਼ਨਾਂ ਉੱਤੇ ਵੀ ਰੇਲਾਂ ਨਹੀਂ ਰੁਕਣਗੀਆਂ।
ਇਸ ਦੇ ਨਾਲ ਹੀ ‘ਹਮ ਭਾਰਤ ਕੇ ਲੋਗ’ ਬੈਨਰ ਹੇਠ ਨਾਗਰਿਕਤਾ ਕਾਨੂੰਨ ਵਿਰੁੱਧ ਲਾਲ ਕਿਲੇ ਤੋਂ ਸ਼ਹੀਦ ਭਗਤ ਸਿੰਘ ਪਾਰਕ (ITO) ਤੱਕ ਨਾਗਰਿਕਤਾ ਕਾਨੂੰਨ ਵਿਰੁੱਧ ਮਾਰਚ ਕਰਨ ਦੀ ਦਿੱਲੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ ਹੈ।
ਦਿੱਲੀ ਪੁਲਿਸ ਨੇ ਕਮਿਊਨਿਸਟ ਪਾਰਟੀ ਨੂੰ ਵੀ ਮੰਡੀ ਹਾਊਸ ਤੋਂ ਜੰਤਰ–ਮੰਤਰ ਤੱਕ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਹੈ।