ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ `ਚ ਗੰਭੀਰ ਹਵਾ ਪ੍ਰਦੂਸ਼ਣ ਲਈ ਕੇਂਦਰ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਜਿ਼ੰਮੇਵਾਰ ਦੱਸਿਆ। ਕੇਜਰੀਵਾਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਉਹ ਕੁਝ ਵੀ ਕਰਨ ਨੂੰ ਤਿਆਰ ਨਹੀਂ ਹਨ।
ਕੇਜਰੀਵਾਲ ਨੇ ਟਵੀਟ ਕੀਤਾ ਕਿ ਦਿੱਲੀ `ਚ ਪ੍ਰਦੂਸ਼ਣ ਸਾਰਾ ਸਾਲ ਕੰਟਰੋਲ `ਚ ਰਿਹਾ, ਪ੍ਰੰਤੂ ਹਰ ਸਾਲ ਇਸ ਸਮੇਂ (ਸਰਦੀ) ਦਿੱਲੀ ਨੂੰ ਕੇਂਦਰ, ਭਾਜਪਾ ਦੀ ਹਰਿਆਣਾ ਅਤੇ ਕਾਂਗਰਸ ਦੀ ਪੰਜਾਬ ਸਰਕਾਰ ਦੇ ਚਲਦੇ ਗੰਭੀਰ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਸਾਰੇ ਯਤਨਾਂ ਦੇ ਬਾਵਜੂਦ ਉਹ ਕੁਝ ਵੀ ਕਰਨ ਨੂੰ ਤਿਆਰ ਨਹੀਂ ਹਨ। ਇਨ੍ਹਾਂ ਦੋਵਾਂ ਸੂਬਿਆਂ ਦੇ ਕਿਸਾਨ ਵੀ ਆਪਣੀਆਂ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ।
ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਦਿੱਲੀ ਦੀ ਹਵਾਂ ਦਾ ਮਿਆਰ ਬਹੁਤ ਖਰਾਬ ਸ਼ੇ੍ਰਣੀ `ਚ ਬਣਿਆ ਹੋਇਆ ਹੈ ਅਤੇ ਸੋਮਵਾਰ ਨੂੰ ਹਵਾ ਦਾ ਮਿਆਰ ਸੂਚਕ ਅੰਕ 348 ਸੀ। ਸਰਦੀਆਂ `ਚ ਪਰਾਲੀ ਸਾੜਨਾ ਦੇਸ਼ ਦੀ ਰਾਜਧਾਨੀ ਦਿੱਲੀ `ਚ ਪ੍ਰਦੂਸ਼ਣ ਪੱਧਰ `ਚ ਵਾਧੇ ਦਾ ਮੁੱਖ ਕਾਰਨ ਹੈ।
ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ ਜੋ ਖੇਤਾਂ `ਚ ਪਰਾਲੀ ਨਹੀਂ ਸਾੜਦੇ। ਜਿ਼ਕਰਯੋਗ ਹੈ ਕਿ ਏਕਿਊਆਈ ਦਾ ਪੱਧਰ 0 ਤੋਂ 50 ਦੇ ਵਿਚ ਚੰਗਾ ਮੰਨਿਆ ਜਾਂਦਾ ਹੈ। 51 ਤੋਂ 100 ਦੇ ਵਿਚ ਇਹ ਤਸੱਲੀਬਖਸ਼ ਪੱਧਰ ਹੁੰਦਾ ਹੈ ਅਤੇ 101 ਤੋਂ 200 ਦੇ ਵਿਚ ਇਸ ਨੂੰ ਮੱਧ ਸ਼ੇ੍ਰਣੀ `ਚ ਰੱਖਿਆ ਜਾਂਦਾ ਹੈ। ਹਵਾਂ ਦਾ ਗੁਣਵਤਾ ਸੂਚਕ ਅੰਕ 201 ਤੋਂ 300 ਦੇ ਵਿਚ ‘ਖਰਾਬ’, 301 ਤੋਂ 400 ਦੇ ਵਿਚ ਬਹੁਤ ਖਰਾਬ ਅਤੇ 401 ਤੋਂ 500 ਦੇ ਵਿਚ ਅਤਿ ਗੰਭੀਰ ਪੱਧਰ ਮੰਨਿਆ ਜਾਂਦਾ ਹੈ।