ਦਿੱਲੀ ਐਨਸੀਆਰ ਚ ਠੰਢ ਅਤੇ ਪ੍ਰਦੂਸ਼ਣ ਦੀ ਦੁਵੱਲੀ ਮਾਰ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਦਿੱਲੀ ਦੀ ਹਵਾ ਚ ਪ੍ਰਦੂਸ਼ਣ ਲਗਭਗ ਦੀਵਾਲੀ ਮਗਰੋਂ ਵੱਧ ਗਿਆ ਜਦਕਿ ਠੰਢ ਨੇ ਪਿਛਲੇ 12 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।
ਮਾਹਰਾਂ ਮੁਤਾਬਕ ਦਿੱਲੀ ਚ ਅਗਲੇ 3 ਦਿਨਾਂ ਤੱਕ ਠੰਢ ਅਤੇ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਦਿੱਲੀ ਐਨਸੀਆਰ ਦੇ ਜਿ਼ਆਦਾਤਰ ਹਿੱਸਿਆਂ ਚ ਹਵਾ ਦੀ ਮਿਆਰ ਬੇਹੱਦ ਗੰਭੀਰ ਪੱਧਰ ਤੇ ਬਣੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿਨ ਵੇਲੇ ਦੀ ਔਸਤ ਹਵਾ ਦੀ ਮਿਆਰ ਸੂਚਕਾਂਕ 450 ਰਿਹਾ ਜਦਕਿ ਸਫਰ ਦੇ ਮੁਤਾਬਕ ਹਵਾ ਦੀ ਮਿਆਰ ਸੂਚਕਾਂਕ 471 ਰਿਹਾ।
ਰਾਜਧਾਨੀ ਚ ਠੰਢ ਨੇ ਵੀ ਲੰਘੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਘੱਟੋ ਘੱਟ ਤਾਪਮਾਨ 3.7 ਡਿਗਰੀ ਰਿਕਾਰਡ ਕੀਤਾ ਗਿਆ ਜਿਹੜਾ ਕਿ ਸਾਧਾਰਤ ਤੋਂ 4 ਡਿਗਰੀ ਘੱਟ ਹੈ। ਦਸੰਬਰ ਮਹੀਨੇ ਚ ਤਾਪਮਾਨ ਦੇ ਹਿਸਾਬ ਨਾਲ ਇਹ ਹਾਲ ਦੇ ਸਾਲਾਂ ਚ ਸਭ ਤੋਂ ਘੱਟ ਹੈ। ਮੌਸਮ ਵਿਭਾਗ ਮੁਤਾਬਕ ਸਾਲ 2007 ਦੀ 29 ਦਸੰਬਰ ਨੂੰ ਤਾਪਮਾਨ 3.9 ਤੱਕ ਪੁੱਜ ਗਿਆ ਸੀ।