ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ ਹੁਣ ਸੀਤ ਲਹਿਰ ਚੱਲ ਪਈ ਹੈ। ਉੱਤਰੀ ਭਾਰਤ ਦੇ ਸਾਰੇ ਹੀ ਮੈਦਾਨੀ ਇਲਾਕਿਆਂ ’ਚ ਠੰਢ ਨੇ ਹੁਣ ਜ਼ੋਰ ਫੜ ਲਿਆ ਹੈ। ਜੰਮੂ–ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਦੇ ਕਈ ਪਹਾੜੀ ਇਲਾਕਿਆਂ ’ਚ ਪਾਰਾ ਸਿਫ਼ਰ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। ਅੰਮ੍ਰਿਤਸਰ ’ਚ ਘੱਟ ਤੋਂ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱ 22.2 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਪੰਜਾਬ ਤੇ ਹਰਿਆਣਾ ’ਚ ਕੋਹਰਾ ਪੈਣ ਦੀ ਚੇਤਾਵਨੀ ਦਿੱਤੀ ਹੈ।
ਦਿੱਲੀ ’ਚ ਸਵੇਰੇ, ਸ਼ਾਮ ਤੇ ਰਾਤ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਹੀ ਦਰਜ ਹੋ ਰਿਹਾ ਹੈ। ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਲੱਦਾਖ ਦੇ ਲੇਹ ’ਚ ਪਾਰਾ ਮਨਫ਼ੀ 13.2 ਡਿਗਰੀ ਸੈਲਸੀਅਸ ਤੱਕ ਚਲਾ ਗਿਆ ਹੈ। ਇਹ ਇਸ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਸੀ।
ਉੱਧਰ ਸ੍ਰੀਨਗਰ ’ਚ ਤਾਪਮਾਨ 0.9 ਡਿਗਰੀ ਸੈਲਸੀਅਸ ਤੱਕ ਡਿੱਗ ਪਿਆ। ਪੰਜ ਦਿਨ ਹੋਈ ਬਰਫ਼ਬਾਰੀ ਤੋਂ ਬਾਅਦ ਐਤਵਾਰ ਨੂੰ ਕਸ਼ਮੀਰ ਵਾਦੀ ’ਚ ਕੱਲ੍ਹ ਧੁੱਪ ਨਿੱਕਲੀ। 434 ਕਿਲੋਮੀਟਰ ਲੰਮਾ ਸ੍ਰੀਨਗਰ–ਲੇਹ ਰਾਸ਼ਟਰੀ ਰਾਜਮਾਰਗ ਭਾਰੀ ਬਰਫ਼ਬਾਰੀ ਕਾਰਨ ਬੀਤੀ 27 ਨਵੰਬਰ ਤੋਂ ਹੀ ਬੰਦ ਪਿਆ ਹੈ।
ਇਸ ਹਾਈਵੇਅ ਉੱਤੇ ਆਵਾਜਾਈ ਬਹਾਲ ਕਰਨ ਦੇ ਜਤਨ ਜਾਰੀ ਹਨ। ਬਰਫ਼ਬਾਰੀ ਕਾਰਨ ਹੀ ਮੁਗ਼ਲ ਰੋਡ ਬੀਤੀ 6 ਨਵੰਬਰ ਤੋਂ ਬੰਦ ਪਈ ਹੈ। ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ’ਚ ਵੀ ਸਖ਼ਤ ਠੰਢ ਪੈ ਰਹੀ ਹੈ। ਮਨਫ਼ੀ 12.3 ਡਿਗਰੀ ਸੈਲਸੀਅਸ ਨਾਲ ਲਾਹੌਲ ਸਪਿਤੀ ਹਿਮਾਚਲ ਦਾ ਸਭ ਤੋਂ ਠੰਢਾ ਇਲਾਕਾ ਰਿਹਾ। ਕਿੰਨੌਰ ’ਚ ਪਾਰਾ ਮਨਫ਼ੀ 3.4 ਡਿਗਰੀ ਰਿਹਾ, ਜਦ ਕਿ ਮਨਾਲੀ ’ਚ ਇਹ ਮਨਫ਼ੀ 1 ਡਿਗਰੀ ਸੀ।
ਉੱਤਰ ਪ੍ਰਦੇਸ਼ ’ਚ ਮੁਜ਼ੱਫ਼ਰਨਗਰ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ। ਲਖਨਊ ਦਾ ਘੱਟੋ–ਘੱਟ ਤਾਪਮਾਨ 13.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਐਤਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 23.4 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 2 ਡਿਗਰੀ ਸੈਲਸੀਅਸ ਘੱਟ ਸੀ। ਦਿੱਲੀ ’ਚ ਧੁੱਪ ਖਿੜੀ ਹੋਈ ਸੀ ਪਰ ਹਵਾ ਦੇ ਮਿਆਰ ਦਾ ਸੂਚਕ–ਅੰਕ ਭਾਵ AQI 275 ਰਿਕਾਰਡ ਕੀਤਾ ਗਿਆ, ਜੋ ‘ਖ਼ਰਾਬ’ ਦੀ ਸ਼੍ਰੇਣੀ ਵਿੱਚ ਆਉਂਦਾ ਹੈ।