ਇਸ ਵਾਰ ਉੱਤਰੀ ਭਾਰਤ ’ਚ ਗਰਮੀ ਛੇ ਦਿਨ ਦੇਰੀ ਨਾਲ ਆਵੇਗੀ। ਆਮ ਤੌਰ ਉੱਤੇ 7 ਫ਼ਰਵਰੀ ਤੱਕ ਤਾਪਮਾਨ ਆਮ ਵਰਗਾ ਸੁਖਾਵਾਂ ਹੋ ਜਾਂਦਾ ਰਿਹਾ ਹੈ ਪਰ ਐਤਕੀਂ ਮੌਸਮ ਵਿਭਾਗ ਨੇ 12 ਫ਼ਰਵਰੀ ਤੋਂ ਬਾਅਦ ਤਾਪਮਾਨ ਠੀਕ ਹੋਣ ਭਾਵ ਠੰਢ ਘਟਣ ਦੀ ਸੰਭਾਵਨਾ ਪ੍ਰਗਟਾਈ ਹੈ।
ਕੱਲ੍ਹ ਵੀ ਦੇਸ਼ ਦੀ ਰਾਜਧਾਨੀ ਦਿੱਲੀ ’ਚ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ ਦਰਜ ਕੀਤਾ ਗਿਆ। ਇਸ ਵਾਰ ਦਸੰਬਰ 2019 ’ਚ ਬਹੁਤ ਜ਼ਿਆਦਾ ਠੰਢ ਪਈ। ਜਨਵਰੀ ’ਚ ਵੀ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਘੱਟ ਦਰਜ ਕੀਤਾ ਗਿਆ ਸੀ।
ਹੁਣ ਤੱਕ ਫ਼ਰਵਰੀ ’ਚ ਵੀ ਠੰਢ ਲਗਾਤਾਰ ਕਾਇਮ ਹੈ। ਬੀਤੇ ਜਨਵਰੀ ਮਹੀਨੇ ਸੱਤ ਵਾਰ ਪੱਛਮੀ ਗੜਬੜੀਆਂ ਆਈਆਂ। ਤਦ ਤੋਂ ਹੀ ਬਰਫ਼ਾਨੀ ਹਵਾ ਪਹਾੜਾਂ ਵੱਲੋਂ ਆ ਰਹੀ ਹੈ; ਇਸ ਕਾਰਨ ਠੰਢ ਕੁਝ ਵਧੇਰੇ ਮਹਿਸੂਸ ਹੋ ਰਹੀ ਹੈ।
ਇਸ ਵਾਰ ਦੀ ਠੰਢ ਕੁਝ ਲੰਮੀ ਚੱਲੀ ਮੰਨੀ ਜਾ ਰਹੀ ਹੈ। ਲਗਭਗ ਇੱਕ ਦਹਾਕੇ ਬਾਅਦ ਅਜਿਹੀ ਠੰਢ ਪਈ ਹੈ।
ਉੱਤਰੀ ਭਾਰਤ ਦੇ ਸਾਰੇ ਮੈਦਾਨੀ ਇਲਾਕਿਆਂ ਦਾ ਮੌਸਮ ਪੱਛਮ ’ਚ ਸਥਿਤ ਭੂ–ਮੱਧ ਤੇ ਕੈਸਪੀਅਨ ਸਾਗਰ ਅਤੇ ਕੁਝ ਹੱਦ ਤੱਕ ਅਰਬ ਸਾਗਰ ਅਤੇ ਪੂਰਬ ’ਚ ਬੰਗਾਲ ਦੀ ਖਾੜੀ ਤੇ ਉੱਤਰ ’ਚ ਹਿਮਾਚਲ ਪ੍ਰਦੇਸ਼ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ।
ਪੱਛਮੀ ਗੜਬੜੀ ਕਾਰਨ ਪੰਜਾਬ, ਜੰਮੂ–ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼ ਤੇ ਬਿਹਾਰ ਤੱਕ ਠੰਢ ਨੇ ਐਤਕੀਂ ਪੂਰਾ ਜ਼ੋਰ ਵਿਖਾਇਆ ਹੈ।