ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਡੀ.ਕੇ. ਸ਼ਿਵਕੁਮਾਰ ਨੂੰ ਕਰਨਾਟਕ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਅਨਿਲ ਚੌਧਰੀ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ।
ਡੀ.ਕੇ. ਸ਼ਿਵਕੁਮਾਰ ਵਿਧਾਇਕ ਹਨ ਅਤੇ ਪਹਿਲਾਂ ਕਰਨਾਟਕ ਸਰਕਾਰ 'ਚ ਮੰਤਰੀ ਰਹਿ ਚੁੱਕੇ ਹਨ। ਅਨਿਲ ਚੌਧਰੀ ਦਿੱਲੀ ਤੋਂ ਸਾਬਕਾ ਵਿਧਾਇਕ ਹਨ। ਬੁੱਧਵਾਰ ਨੂੰ ਕਾਂਗਰਸ ਵਿੱਚ ਇਹ ਨਵੀਂ ਨਿਯੁਕਤੀਆਂ ਹੋਈਆਂ। ਕਰਨਾਟਕ 'ਚ ਈਸ਼ਵਰ ਖੰਡਰੇ, ਸਤੀਸ਼ ਜਰਕੀਹੋਲੀ ਅਤੇ ਸਲੀਮ ਅਹਿਮਦ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।
ਕਰਨਾਟਕ 'ਚ ਪਿਛਲੇ ਸਾਲ ਦਸੰਬਰ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਦਿਨੇਸ਼ ਗੁੰਡੂ ਰਾਓ ਨੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੂਬੇ 'ਚ ਕਾਂਗਰਸ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ ਸੀ। ਇਸ ਤੋਂ ਬਾਅਦ ਰਾਓ ਨੇ ਅਹੁਦਾ ਛੱਡ ਦਿੱਤੀ ਸੀ। ਲਗਭਗ ਤਿੰਨ ਮਹੀਨੇ ਤੋਂ ਕਈ ਨਾਂਅ ਕਰਨਾਟਕ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਚੱਲ ਰਹੇ ਸਨ।
ਨਵੇਂ ਪ੍ਰਧਾਨ ਲਈ ਸਿੱਧਾਰਮਈਆ ਅਤੇ ਹੋਰ ਨੇਤਾਵਾਂ ਦੀ ਹਾਲ ਹੀ ਵਿੱਚ ਦਿੱਲੀ 'ਚ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਵੀ ਹੋਈ ਸੀ, ਜਿਸ ਤੋਂ ਬਾਅਦ ਸ਼ਿਵਕੁਮਾਰ ਦਾ ਨਾਂਅ ਤੈਅ ਕੀਤਾ ਗਿਆ ਸੀ। ਸ਼ਿਵਕੁਮਾਰ ਨੂੰ ਕਰਨਾਟਕ 'ਚ ਕਾਂਗਰਸ ਦਾ ਵੱਡਾ ਚਿਹਰਾ ਮੰਨਿਆ ਜਾਂਦਾ ਹੈ। ਜੇਡੀਐਸ ਨਾਲ ਕਾਂਗਰਸ ਦੀ ਸਰਕਾਰ ਸਮੇਂ ਉਹੀ ਸੰਕਟਮੋਚਕ ਵਜੋਂ ਸੱਭ ਤੋਂ ਅੱਗੇ ਵਿਖਾਈ ਦਿੱਤੇ ਸਨ।
ਦਿੱਲੀ 'ਚ ਫ਼ਰਵਰੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ ਸੀ। ਦਿੱਲੀ ਚੋਣਾਂ 'ਚ ਕਾਂਗਰਸ ਦੇ ਸਿਫ਼ਰ 'ਤੇ ਸਿਮਟਣ ਤੋਂ ਬਾਅਦ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇ ਦਿੱਤਾ ਸੀ। ਹਾਈਕਮਾਨ ਨੇ ਵੀ ਉਨ੍ਹਾਂ ਦਾ ਅਸਤੀਫਾ ਮਨਜੂਰ ਕਰ ਲਿਆ ਸੀ। ਇਸ ਤੋਂ ਬਾਅਦ ਕਾਂਗਰਸ ਹਾਈਕਮਾਨ ਇਸ ਅਹੁਦੇ ਲਈ ਕਿਸੇ ਆਗੂ ਦੀ ਭਾਲ ਕਰ ਰਹੀ ਸੀ। ਸਾਬਕਾ ਵਿਧਾਇਕ ਅਨਿਲ ਚੌਧਰੀ ਨੂੰ ਹੁਣ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।