ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜ਼ਿਆਦਾਤਰ ਉਮੀਦਵਾਰਾਂ ਦੇ ਨਾਂਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦਿੱਲੀ ਸੂਬਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਦੱਸਿਆ ਕਿ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਕਰ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਉਮੀਦਵਾਰਾਂ ਦੇ ਨਾਂਵਾਂ ਨੂੰ ਅੰਤਿਮ ਰੂਪ ਦੇਣ ਲਈ ਵੀਰਵਾਰ ਨੂੰ ਕਾਂਗਰਸ ਚੋਣ ਕਮੇਟੀ (CEC) ਦੀ ਮੀਟਿੰਗ ਹੋਈ। ਇਸ ਵਿੱਚ ਦਿੱਲੀ ਇਕਾਈ ਵੱਲੋਂ ਭੇਜੇ ਨਾਵਾਂ ਉੱਤੇ ਵਿਚਾਰ–ਵਟਾਂਦਰਾ ਹੋਇਆ। ਉਮੀਦਵਾਰਾਂ ਦੀਆਂ ਵਾਧਾਂ–ਘਾਟਾਂ ਦਾ ਵਿਸ਼ਲੇਸ਼ਣ ਕਰ ਕੇ ਕਮੇਟੀ ਨੇ ਜ਼ਿਆਦਾਤਰ ਨਾਵਾਂ ਨੂੰ ਸਹਿਮਤੀ ਦੇ ਦਿੱਤੀ ਹੈ।
ਸੀਨੀਅਰ ਆਗੂਆਂ ਦੇ ਚੋਣ ਲੜਨ ਦਾ ਫ਼ੈਸਲਾ ਲੈਣ ਦੀ ਜ਼ਿੰਮੇਵਾਰੀ ਹਾਈ ਕਮਾਂਡ ਉੱਤੇ ਪਾਉਂਦਿਆਂ ਸ੍ਰੀ ਚੋਪੜਾਨੇ ਖ਼ੁਦ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ।
ਉੱਧਰ ਕਾਂਗਰਸ ਪ੍ਰਧਾਨ ਦਾ ਬਿਆਨ ਆਉਣ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਤੱਕ ਸੂਚੀ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੁੰਦੀ ਰਹੀ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਨਾਂਅ ਵਾਇਰਲ ਸੂਚੀ ਨਾਲ ਮੇਲ ਖਾਂਦੇ ਹਨ।
ਇਸ ਤੋਂ ਪਹਿਲਾਂ ਸੰਸਦ ਮੈਂਬਰ ਕ੍ਰਿਸ਼ਨਾ ਤੀਰਥ ਦਾ ਨਾਂਅ ਪਟੇਲ ਨਗਰ, ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਏਕੇ ਵਾਲੀਆ ਦਾ ਨਾਂਅ ਕ੍ਰਿਸ਼ਨਾ ਨਗਰ, ਯਮੁਨਾ ਪਾਰ ਬੋਰਡ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਵਿਧਾਇਕ ਨਰੇਂਦਰ ਨਾਥ ਦਾ ਨਾਂਅ ਸ਼ਾਹਦਰਾ, ਸਾਬਕਾ ਵਿਧਾਇਕ ਵੀਰ ਸਿੰਘ ਧੀਮਾਨ ਸੀਮਾਪੁਰੀ, ਸਾਬਕਾ ਵਿਧਾਇਕਾ ਅਲਕਾ ਲਾਂਬਾ ਨੂੰ ਚਾਂਦਨੀ ਚੌਕ, ਸਾਬਕਾ ਕੌਂਸਲਰ ਗੁਰੂ ਚਰਨ ਸਿੰਘ ਰਾਜੂ ਵਿਸ਼ਵਾਸ ਨਗਰ ਸਮੇਤ ਹੋਰ ਕਈ ਸੀਟਾਂ ਦੇ ਉਮੀਦਵਾਰਾਂ ਦੇ ਨਾਂਅ ਹਨ।
ਦੋ–ਦੋ ਸੀਟਾਂ NSUI ਤੇ ਯੂਥ ਕਾਂਗਰਸ ਦੇ ਖਾਤੇ ਗਈਆਂ ਹਨ। ਦੇਰ ਰਾਤ ਤੱਕ ਕਾਂਗਰਸ ਨੇ ਇਸ ਸੂਚੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਸੀ।