ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅੱਜ ਸ਼ਾਮੀਂ 5 ਵਜੇ ਖ਼ਤਮ ਹੋ ਜਾਵੇਗਾ। ਦੋਵੇਂ ਸੁਬਿਆਂ ’ਚ ਵੋਟਾਂ ਸੋਮਵਾਰ 21 ਅਕਤੂਬਰ ਨੂੰ ਪੈਣੀਆਂ ਹਨ। ਇਨ੍ਹਾਂ ਸੂਬਿਆਂ ਵਿੱਚ ਕਾਂਗਰਸ ਦਾ ਚੋਣ ਪ੍ਰਚਾਰ ਬਹੁਤ ਮੱਠਾ ਰਿਹਾ ਹੈ। ਪਾਰਟੀ ਦੇ ਕਈ ਸਟਾਰ–ਪ੍ਰਚਾਰਕ ਪ੍ਰਚਾਰ ਤੋਂ ਦੂਰ ਰਹੇ। ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਪ੍ਰਚਾਰ ਕੀਤਾ।
ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਕੱਲ੍ਹ ਸ਼ੁੱਕਰਵਾਰ ਦੀ ਮਹੇਂਦਰਗੜ੍ਹ (ਹਰਿਆਣਾ) ’ਚ ਹੋਣ ਵਾਲੀ ਰੈਲੀ ਅਚਾਨਕ ਰੱਦ ਕਰ ਦਿੱਤੀ ਗਈ। ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਲਈ ਸਿਆਸੀ ਪਾਰਟੀਆਂ ਨੂੰ ਲਗਭਗ 15 ਦਿਨਾਂ ਦਾ ਸਮਾਂ ਮਿਲਿਆ ਸੀ। ਮਹਾਰਾਸ਼ਟਰ ਤੇ ਹਰਿਆਣਾ ਦੋਵਾਂ ਵਿੱਚ ਭਾਜਪਾ ਦੀ ਸਰਕਾਰ ਹੈ।
ਅਜਿਹੇ ਹਾਲਾਤ ਵਿੱਚ ਇਹ ਆਸ ਕੀਤੀ ਜਾ ਰਹੀ ਸੀ ਕਿ ਲੋਕ ਸਭਾ ਚੋਣਾਂ ’ਚ ਹਾਰ ਤੋਂ ਨਿਰਾਸ਼ ਪਾਰਟੀ ਕਾਰਕੁੰਨਾਂ ਤੇ ਆਗੂਆਂ ਵਿੱਚ ਜੋਸ਼ ਭਰਨ ਲਈ ਕਾਂਗਰਸ ਇਸ ਵਾਰ ਕੁਝ ਵਧੇਰੇ ਹਮਲਾਵਰ ਰੁਖ਼ ਅਖ਼ਤਿਆਰ ਕਰੇਗੀ। ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਪਾਰਟੀ ਦਾ ਪ੍ਰਚਾਰ ਸਥਾਨਕ ਆਗੂਆਂ ਤੱਕ ਹੀ ਸੀਮਤ ਰਿਹਾ। ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕਈ ਆਗੂ ਪ੍ਰਚਾਰ ਤੋਂ ਦੂਰ ਹੀ ਰਹੇ।
ਵਿਧਾਨ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਮੋਰਚਾ ਸੰਭਾਲਿਆ ਪਰ ਉਨ੍ਹਾਂ ਮਹਾਰਾਸ਼ਟਰ ’ਚ ਪੰਜ ਤੇ ਹਰਿਆਣਾ ਵਿੱਚ ਸਿਰਫ਼ ਦੋ ਹੀ ਚੋਣ–ਰੈਲੀਆਂ ਕੀਤੀਆਂ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੁੰਬਈ ਵਿੱਚ ਹੀ ਪ੍ਰਚਾਰ ਕੀਤਾ; ਜਦ ਕਿ ਸੋਨੀਆ ਗਾਂਧੀ ਨੇ ਕਿਸੇ ਰੈਲੀ ਨੂੰ ਸੰਬੋਧਨ ਨਹੀਂ ਕੀਤਾ।
ਸੋਨੀਆ ਗਾਂਧੀ ਨੇ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਪਿਛਲੇ ਕੁਝ ਦਿਨਾਂ ’ਚ ਚੋਣ ਰੈਲੀਆਂ ਵਿੱਚ ਜਾਣਾ ਘਟਾ ਦਿੱਤਾ ਸੀ। ਆਮ ਚੋਣਾਂ ਵੇਲੇ ਸਾਰਾ ਮੋਰਚਾ ਉਦੋਂ ਦੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹੀ ਸੰਭਾਲਿਆ ਸੀ। ਸੋਨੀਆ ਗਾਂਧੀ ਸਿਰਫ਼ ਰਾਏ ਬਰੇਲੀ ’ਚ ਹੀ ਨਾਮਜ਼ਦਗੀ ਭਰਨ ਤੇ ਉਸ ਤੋਂ ਬਾਅਦ ਇੱਕ ਰੈਲੀ ਕਰਨ ਲਈ ਗਏ ਸਨ।
ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਮਹਾਰਾਸ਼ਟਰ ਤੇ ਹਰਿਆਣਾ ਦੀ ਕਿਸੇ ਰੈਲੀ ਵਿੱਚ ਆਪਣੀ ਹਾਜ਼ਰੀ ਨਹੀਂ ਲੁਆ ਸਕੇ। ਉਨ੍ਹਾਂ ਦੇ ਉੱਤਰ ਪ੍ਰਦੇਸ਼ ਵਿੱਚ ਜੱਥੇਬੰਦਕ ਤਬਦੀਲੀਆਂ ਵਿੱਚ ਰੁੱਝੇ ਹੋਣ ਦੀ ਗੱਲ ਕੀਤੀ ਗਈ।