ਕੋਰੋਨਾ ਲੌਕਡਾਊਨ ਵਿਚਕਾਰ ਉੱਤਰ ਪ੍ਰਦੇਸ਼ ਜਾਣ ਵਾਲੇ ਲੋਕਾਂ ਲਈ ਬੱਸਾਂ ਮੁਹੱਈਆ ਕਰਵਾਉਣ ਦੇ ਮੁੱਦੇ 'ਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਮਜ਼ਦੂਰ ਭਰਾ-ਭੈਣਾਂ ਲਈ ਸੰਕਟ ਦਾ ਸਮਾਂ ਹੈ। ਇਸ ਸਮੇਂ ਸਾਡਾ ਉਦੇਸ਼ ਉਨ੍ਹਾਂ ਦੀ ਸਹਾਇਤਾ ਕਰਨਾ ਹੈ। ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ। ਇੱਕ ਵੀਡੀਓ ਸੰਦੇਸ਼ 'ਚ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਉਹ ਸਿਰਫ਼ ਭਾਰਤ ਦੇ ਲੋਕ ਨਹੀਂ ਹਨ। ਇਹ ਭਾਰਤ ਦੇ ਉਹ ਲੋਕ ਹਨ ਜੋ ਭਾਰਤ ਦੀ ਰੀੜ ਦੀ ਹੱਡੀ ਹਨ। ਜਿਨ੍ਹਾਂ ਨੇ ਉਹ ਇਮਾਰਤਾਂ ਬਣਾਈਆਂ ਹਨ, ਜਿਨ੍ਹਾਂ 'ਚ ਅਸੀਂ ਰਹਿੰਦੇ ਹਾਂ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਦੇਸ਼ ਇਨ੍ਹਾਂ ਲੋਕਾਂ ਨਾਲ ਚੱਲਦਾ ਹੈ। ਇਨ੍ਹਾਂ ਦੇ ਖੂਨ ਤੇ ਪਸੀਨੇ ਨਾਲ ਇਹ ਦੇਸ਼ ਚੱਲਦਾ ਹੈ। ਇਨ੍ਹਾਂ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਹ ਸਾਡੀ ਜ਼ਿੰਮੇਵਾਰੀ ਹੈ, ਸਰਕਾਰ ਦੀ ਹੈ, ਸਭ ਦੀ ਹੈ। ਮੈਂ ਬਹੁਤ ਹੀ ਸਪੱਸ਼ਟ ਹਾਂ ਕਿ ਹਰ ਰਾਜਨੀਤਿਕ ਪਾਰਟੀ ਬਿਨਾਂ ਰਾਜਨੀਤੀ ਦੇ ਇਨ੍ਹਾਂ ਲੋਕਾਂ ਦੀ ਪੂਰੀ ਸੇਵਾ ਦੇ ਨਾਲ ਕੰਮ ਕਰੇ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਲੌਕਡਾਊਨ ਤੋਂ ਤੁਰੰਤ ਬਾਅਦ ਅਸੀਂ ਹਰ ਜ਼ਿਲ੍ਹੇ ਵਿੱਚ ਇੱਕ ਵਾਲੰਟੀਅਰ ਸਮੂਹ ਬਣਾਇਆ, ਜਿਸ ਦਾ ਨਾਂਅ ਅਸੀਂ 'ਕਾਂਗਰਸ ਦੇ ਸਿਪਾਹੀ' ਰੱਖਿਆ। ਉਨ੍ਹਾਂ ਦੇ ਜ਼ਰੀਏ ਅਸੀਂ ਲੋਕਾਂ ਨੂੰ ਭੋਜਨ ਤੇ ਸੇਵਾ ਕਰ ਰਹੇ ਹਾਂ।
ਬੱਸਾਂ ਦੇ ਮੁੱਦੇ 'ਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਾਡੇ ਵੱਲੋਂ ਬੱਸਾਂ ਮੁਹੱਈਆ ਕਰਵਾਉਣ ਦੇ ਬਾਵਜੂਦ ਉਨ੍ਹਾਂ ਬੱਸਾਂ ਨੂੰ ਪਰਮਿਟ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਜੇ ਬੱਸਾਂ ਦੀ ਸੂਚੀ ਵਿੱਚ ਕੁਝ ਨੰਬਰ ਗਲਤ ਹਨ ਤਾਂ ਅਸੀਂ ਉਨ੍ਹਾਂ ਨੂੰ ਨਵੀਂ ਸੂਚੀ ਦੇ ਦਿੰਦੇ। 17 ਮਈ ਨੂੰ ਗਾਜ਼ੀਆਬਾਦ ਸਰਹੱਦ 'ਤੇ 500 ਬੱਸਾਂ ਖੜ੍ਹੀਆਂ ਸਨ। ਜੇ ਇਹ ਬੱਸਾਂ ਚੱਲਦੀਆਂ ਤਾਂ ਘੱਟੋ ਘੱਟ 20 ਹਜ਼ਾਰ ਲੋਕ ਆਪਣੇ ਘਰਾਂ ਤੱਕ ਪਹੁੰਚ ਜਾਂਦੇ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵੀ ਗਾਜ਼ੀਆਬਾਦ ਤੇ ਦਿੱਲੀ ਸਰਹੱਦ 'ਤੇ ਬੱਸਾਂ ਉਪਲੱਬਧ ਸਨ। ਕੱਲ੍ਹ 4 ਵਜੇ ਤੋਂ ਸਾਡੀਆਂ ਬੱਸਾਂ ਬਾਰਡਰ 'ਤੇ ਖੜੀਆਂ ਸਨ, ਪਰ ਪਰਮਿਟ ਨਹੀਂ ਮਿਲਿਆ। ਬੱਸਾਂ ਅੱਜ ਵੀ ਖੜੀਆਂ ਰਹੀਆਂ। ਪ੍ਰਿਯੰਕਾ ਨੇ ਕਿਹਾ ਕਿ ਬੱਸਾਂ ਨੂੰ ਮਨਜੂਰੀ ਦਿਓ। ਜੇ ਤੁਸੀਂ ਭਾਜਪਾ ਦਾ ਪੋਸਟਰ ਲਗਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਲਗਾ ਲਓ। ਪ੍ਰਿਯੰਕਾ ਨੇ ਕਿਹਾ ਕਿ ਜਿੰਨਾ ਚਿਰ ਤੁਸੀਂ ਇਨ੍ਹਾਂ ਰਾਜਨੀਤੀ 'ਚ ਉਲਝੇ ਰਹੇ, ਅਜੀਬੋ ਗਰੀਬ ਬਿਆਨ ਦਿੰਦੇ ਰਹੇ, ਅਸੀਂ ਓਨੀ ਦੇਰ 'ਚ 92 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਪਹੁੰਚ ਸਕਦੇ ਸੀ।