ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਰਿਆਣਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਬਾਗ਼ੀ ਸੁਰਾਂ ਦੀ ਸੁਣਵਾਈ, ਕੀ ਹੋਵੇਗਾ ਕੋਈ ਲਾਭ?

(ਖੱਬੇ) ਕੁਮਾਰੀ ਸ਼ੈਲਜਾ ਤੇ ਭੁਪਿੰਦਰ ਸਿੰਘ ਹੁੱਡਾ

ਚੋਣਾਂ ਵੇਲੇ ਹਰ ਪੱਖ ਵੇਖਿਆ ਜਾਂਦਾ ਹੈ। ਲੋਕ ਸਭਾ ਚੋਣਾਂ ’ਚ ਵੱਡੀ ਹਾਰ ਦਾ ਸੁਆਦ ਚਖਣ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਆਖ਼ਰ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਦੇਸ਼ ਦੀ ਇਹ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹਾਲੇ ਭਾਵੇਂ ਆਪਣੀ ਹਾਰ ਦੇ ਦੁਖਾਂ ’ਚੋਂ ਪੂਰੀ ਤਰ੍ਰਾਂ ਨਿੱਕਲ ਨਹੀਂ ਸਕੀ ਹੈ ਪਰ ਫਿਰ ਵੀ ਉਸ ਨੇ ਹਰਿਆਣਾ ’ਚ ਹੁਣ ਕੁਝ ਨਾਰਾਜ਼ ਤੇ ਬਾਗ਼ੀਆਨਾ ਸੁਰਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ।

 

 

57 ਸਾਲਾ ਕੁਮਾਰੀ ਸ਼ੈਲਜਾ ਨੂੰ ਬੀਤੇ ਕੱਲ੍ਹ ਹਰਿਆਣਾ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਜਿਹਾ ਸੀਨੀਅਰ ਪਾਰਟੀ ਆਗੂ ਭੁਪਿੰਦਰ ਸਿੰਘ ਹੁੱਡਾ ਦੀ ਬਾਗ਼ੀਆਨਾ ਸੁਰ ਨੂੰ ਕੁਝ ਨਰਮ ਕਰਨ ਲਈ ਕੀਤਾ ਗਿਆ ਹੈ। ਇਸੇ ਲਈ ਸ੍ਰੀ ਹੁੱਡਾ ਨੂੰ ਹੁਣ ਚੋਣ–ਪ੍ਰਚਾਰ ਮੁਹਿੰਮਾਂ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

 

 

ਦਰਅਸਲ, ਸ੍ਰੀ ਹੁੱਡਾ ਦੀ ਨਾਰਾਜ਼ਗੀ ਅਸ਼ੋਕ ਤੰਵਰ ਨਾਲ ਚੱਲ ਰਹੀ ਸੀ। ਸ੍ਰੀ ਤੰਵਰ ਹਰਿਆਣਾ ਦੇ ਕੋਈ ਬਹੁਤੇ ਹਰਮਨਪਿਆਰੇ ਆਗੂ ਨਹੀਂ ਹਨ। ਪਰ ਉਨ੍ਹਾਂ ਦੇ ਮੁਕਾਬਲੇ ਸ੍ਰੀ ਭੁਪਿੰਦਰ ਸਿੰਘ ਹੁੱਡਾ ਦੋ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਬੀਤੇ ਦਿਨੀਂ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਇੱਕ ਵੱਖਰੀ ਪਾਰਟੀ ਤੱਕ ਬਣਾ ਲੈਣ ਦੀ ਧਮਕੀ ਦੇ ਦਿੱਤੀ ਹੈ।

 

 

ਇਹ ਪਹਿਲਾ ਅਜਿਹਾ ਗੰਭੀਰ ਕਿਸਮ ਦਾ ਅੰਦਰੂਨੀ ਪਾਰਟੀ–ਸੰਕਟ ਸੀ; ਜਿਸ ਦਾ ਨਿਬੇੜਾ ਸ੍ਰੀਮਤੀ ਸੋਨੀਆ ਗਾਂਧੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਇੱਕ ਨੌਜਵਾਨ ਦਲਿਤ ਚਿਹਰਾ ਅਸ਼ੋਕ ਤੰਵਰ ਨੂੰ ਸਾਲ 2014 ’ਚ ਰਾਹੁਲ ਗਾਂਧੀ ਨੇ ਹਰਿਆਣਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ। ਸ੍ਰੀ ਹੁੱਡਾ ਨੇ ਸ੍ਰੀ ਤੰਵਰ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਰੱਖੀ ਸੀ। ਸ੍ਰੀ ਹੁੱਡਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇ ਤੇ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕੀਤਾ ਜਾਵੇ।

 

 

ਸ੍ਰੀ ਹੁੱਡਾ ਨੂੰ ਕਾਂਗਰਸ ਵਿਧਾਇਕ ਪਾਰਟੀ ਦਾ ਆਗੂ ਵੀ ਨਿਯੁਕਤ ਕੀਤਾ ਗਿਆ ਸੀ। ਹੁਣ ਸ੍ਰੀ ਹੁੱਡਾ ਸ਼ਾਂਤ ਹੋ ਗਏ ਹਨ।

 

 

ਉੱਧਰ ਕੁਮਾਰੀ ਸ਼ੈਲਜਾ ਖ਼ੁਦ ਇੱਕ ਉੱਘਾ ਦਲਿਤ ਚਿਹਰਾ ਹਨ ਤੇ ਉਹ ਕਦੇ ਵੀ ਖੁੱਲ੍ਹ ਕੇ ਕਿਸੇ ਵੀ ਧੜੇ ਨਾਲ ਨਹੀਂ ਖੜ੍ਹੇ। ਉਨ੍ਹਾਂ ਦੀ ਨਿਯੁਕਤੀ ਨਾਲ ਇੱਕ ਤਰ੍ਹਾਂ ਕਾਂਗਰਸ ਹਾਈ ਕਮਾਂਡ ਨੇ ਸੰਤੁਲਿਤ ਜਾਤੀਗਤ ਕਾਰਵਾਈ ਦਾ ਸੁਨੇਹਾ ਦਿੱਤਾ ਹੈ। ਇਸ ਤੋਂ ਇਲਾਵਾ ਕੁਮਾਰੀ ਸ਼ੈਲਜਾ ਹਰਿਆਣਾ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਵੀ ਹਨ।

 

 

ਇੰਝ ਕੁਮਾਰੀ ਸ਼ੈਲਜਾ ਦੀ ਨਿਯੁਕਤੀ ਇਸ ਲਈ ਵੀ ਅਹਿਮ ਹੈ ਕਿ 1966 ’ਚ ਜਦ ਤੋਂ ਹਰਿਆਣਾ ਦੀ ਸਥਾਪਨਾ ਹੋਈ ਹੈ; ਤਦ ਤੋਂ ਸੂਬੇ ਦੀ ਕਿਸੇ ਵੀ ਪਾਰਟੀ ਨੇ ਕਿਸੇ ਔਰਤ ਨੂੰ ਪਾਰਟੀ ਦੀ ਪ੍ਰਧਾਨ ਨਹੀਂ ਬਣਾਇਆ ਸੀ।

 

 

ਰਾਜ ਸਭਾ ਦੇ ਐੱਮਪੀ ਕੁਮਾਰੀ ਸ਼ੈਲਜਾ ਬੇਹੱਦ ਮਿੱਠਬੋਲੜੇ ਹਨ; ਉਂਝ ਭਾਵੇਂ ਉਨ੍ਹਾਂ ਦੇ ਹਮਾਇਤੀਆਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੈ। ਸਮੁੱਚੇ ਹਰਿਆਣਾ ਸੂਬੇ ਤੱਕ ਉਨ੍ਹਾਂ ਦੀ ਪਹੁੰਚ ਕਦੇ ਨਹੀਂ ਰਹੀ। ਉਨ੍ਹਾਂ ਦੀ ਸਭ ਤੋਂ ਵੱਡੀ ਖ਼ੂਬੀ ਇਹ ਵੀ ਰਹੀ ਹੈ ਕਿ ਉਹ ਸ੍ਰੀਮਤੀ ਸੋਨੀਆ ਗਾਂਧੀ ਦੇ ਨੇੜੇ ਤੇ ਸਦਾ ਉਨ੍ਹਾਂ ਦੇ ਵਫ਼ਾਦਾਰ ਰਹੇ ਹਨ। ਉਨ੍ਹਾਂ ਨੂੰ ਕਦੀ–ਕਦਾਈਂ ਖ਼ਾਸ ਮੌਕਿਆਂ ਉੱਤੇ ਖ਼ਰੀਦਦਾਰੀ ਕਰਦਿਆਂ ਵੀ ਵੇਖਿਆ ਜਾਂਦਾ ਹੈ।

 

 

ਇਸ ਸਭ ਦੇ ਬਾਵਜੂਦ, ਕਾਂਗਰਸ ਹਾਈ ਕਮਾਂਡ ਵੱਲੋਂ ਕੁਮਾਰੀ ਸ਼ੈਲਜਾ ਨੂੰ ਪਾਰਟੀ ਦੀ ਸੂਬਾ ਪ੍ਰਧਾਨ ਨਿਯੁਕਤ ਕਰਨ ਵਿੱਚ ਕੁਝ ਦੇਰੀ ਕਰ ਦਿੱਤੀ ਹੈ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਐਤਕੀਂ ਇੱਕ ਸੀਟ ਨਹੀਂ ਜਿੱਤ ਸਕੀ। ਸਾਰੀਆਂ ਸੀਟਾਂ ਉੱਤੇ ਇਸ ਵਾਰ ਸੱਤਾਧਾਰੀ ਭਾਜਪਾ ਦਾ ਹੀ ਕਬਜ਼ਾ ਰਿਹਾ ਹੈ।

 

 

ਉਂਝ ਵੀ ਕਾਂਗਰਸ ਪਾਰਟੀ ਦੇ ਜੱਥੇਬੰਦਕ ਢਾਂਚੇ ਦੀ ਹਾਲਤ ਇਸ ਵੇਲੇ ਕਾਫ਼ੀ ਵਿਗੜੀ ਹੋਈ ਹੈ। ਇਸ ਮਾਮਲੇ ਵਿੱਚ ਇਸ ਪਾਰਟੀ ਦਾ ਇੰਨਾ ਮਾੜਾ ਹਾਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦਾ ਕੋਈ ਵੀ ਜ਼ਿਲ੍ਹਾ ਤੇ ਬਲਾਕ ਪ੍ਰਧਾਨ ਨਹੀਂ ਹੈ।

 

 

ਹੁਣ ਜਦੋਂ ਹਰਿਆਣਾ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ, ਅਜਿਹੇ ਵੇਲੇ ਕੁਮਾਰੀ ਸ਼ੈਲਜਾ ਸਾਹਵੇਂ ਵੱਡੀਆਂ ਚੁਣੌਤੀਆ ਹਨ। ਅਜਿਹੇ ਕੁਝ ਹਾਲਾਤ ਤੋਂ ਆਮ ਸਿਆਸੀ ਮਾਹਿਰ ਇਹੋ ਅਨੁਮਾਨ ਲਾ ਰਹੇ ਹਨ ਕਿ ਸ਼ਾਇਦ ਐਤਕੀਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਕੋਈ ਬਹੁਤੀ ਵਧੀਆ ਨਹੀਂ ਰਹੇਗੀ।

 

 

ਉਂਝ ਵੀ, 2014 ਦੌਰਾਨ ਜਦ ਤੋਂ ਭਾਰਤੀ ਜਨਤਾ ਪਾਰਟੀ ਸੂਬੇ ਦੀ ਸੱਤਾ ’ਤੇ ਕਾਬਜ਼ ਹੋਈ ਹੈ, ਤਦ ਤੋਂ ਹੀ ਕਾਂਗਰਸ ਪਾਰਟੀ ਲਗਾਤਾਰ ਹਾਰਦੀ ਹੀ ਰਹੀ ਹੈ। ਉਹ ਸਾਰੀਆਂ ਜ਼ਿਮਨੀ ਵਿਧਾਨ ਸਭਾ ਚੋਣਾਂ, ਮੇਅਰ ਦੇ ਮੁਕਾਬਲਿਆਂ ਤੇ ਲੋਕ ਸਭਾ ਚੋਣਾਂ ’ਚ ਉਸ ਨੂੰ ਸਦਾ ਹਾਰ ਹੀ ਹੋਈ ਹੈ।

 

 

ਕੁਮਾਰੀ ਸ਼ੈਲਜਾ ਨੂੰ ਭਾਵੇਂ ਖ਼ੁਦ ਸ੍ਰੀਮਤੀ ਸੋਨੀਆ ਗਾਂਧੀ ਨੇ ਨਾਮਜ਼ਦ ਕੀਤਾ ਹੈ; ਫਿਰ ਵੀ ਉਨ੍ਹਾਂ ਨੂੰ ਪਾਰਟੀ ਦੇ ਭੁਪਿੰਦਰ ਸਿੰਘ ਹੁੱਡਾ, ਕਿਰਨ ਚੌਧਰੀ, ਕੁਲਦੀਪ ਬਿਸ਼ਨੋਈ ਤੇ ਰਣਦੀਪ ਸੁਰਜੇਵਾਲਾ ਜਿਹੇ ਕੁਝ ਪ੍ਰਮੁੱਖ ਆਗੂਆਂ ਦੀਆਂ ਕੁਝ ਬੇਰੋਕ ਅੰਦਰੂਨੀ ਸ਼ਤਰੰਜੀ ਚਾਲਾਂ ਦਾ ਸਾਹਮਣਾ ਵੀ ਕਰਨਾ ਪੈਣਾ ਹੈ।

 

 

ਹੁਣ ਸ੍ਰੀ ਹੁਡਾ ਚਾਹੁਣਗੇ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਟਿਕਟਾਂ ਉਨ੍ਹਾਂ ਦੇ ਹਮਾਇਤੀ ਉਮੀਦਵਾਰਾਂ ਨੂੰ ਮਿਲਣ। ਖ਼ੁਦ ਕੁਮਾਰੀ ਸ਼ੈਲਜਾ ਦੀ ਕਾਰਗੁਜ਼ਾਰੀ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਪਰ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਵਰਕਰਾਂ ਵਿੱਚ ਹੱਲਾਸ਼ੇਰੀ ਦੀ ਇੱਕ ਨਵੀਂ ਰੂਹ ਫੂਕਣੀ ਹੋਵੇਗੀ, ਉਨ੍ਹਾਂ ਨੂੰ ਚੋਣਾਂ ਲਈ ਤਿਆਰ ਕਰਨਾ ਹੋਵੇਗਾ ਤੇ ਪਾਰਟੀ ਦੀ ਅੰਦਰੂਨੀ ਧੜੇਬੰਦੀ ਖ਼ਤਮ ਕਰਨੀ ਹੋਵੇਗੀ। ਇਸੇ ਲਈ ਜੇ ਇਹ ਆਖ ਲਿਆ ਜਾਵੇ ਕਿ ਹੁਣ ਕੁਮਾਰੀ ਸ਼ੈਲਜਾ ਦੀ ਕਾਰਗੁਜ਼ਾਰੀ ਦੀ ਅਸਲ ਪ੍ਰੀਖਿਆ ਹੈ; ਤਦ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।

 

 

ਇਸ ਵੇਲੇ ਜੇ ਸਪੱਸ਼ਟ ਤਰੀਕੇ ਦੀ ਗੱਲ ਕੀਤੀ ਜਾਵੇ, ਤਾਂ ਅਸਲ ਸਥਿਤੀ ਇਹੋ ਹੈ ਕਿ ਕਾਂਗਰਸ ਹਾਲੇ ਨਿਰਾਸ਼ਾ ਦੇ ਦੌਰ ਵਿੱਚੋਂ ਲੰਘ ਰਹੀ ਹੈ; ਜਦ ਕਿ ਉਸ ਦੇ ਮੁਕਾਬਲੇ ਭਾਜਪਾ ਚੜ੍ਹਦੀ ਕਲਾ ਵਿੱਚ ਵਿਖਾਈ ਦੇ ਰਹੀ ਹੈ। ਭਾਜਪਾ ਕੈਂਪ ਵਿੱਚ ਇੱਕ ਨਵਾਂ ਜੋਸ਼ ਵਿਖਾਈ ਦੇ ਰਿਹਾ ਹੈ। ਐਤਕੀਂ ਤਾਂ ਉਸ ਨੇ ਚੋਣਾਂ ਲਈ ਇਹ ਨਾਅਰਾ ਵੀ ਤਿਆਰ ਕੀਤਾ ਹੈ ‘ਇਸ ਵਾਰ ਪੰਝਤਰ ਪਾਰ’।

 

 

ਇਹ ਨਾਅਰਾ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ’ਚ 75 ਸੀਟਾਂ ਜਿੱਤਣ ਦੇ ਸੱਦੇ ਲਈ ਦਿੱਤ ਗਿਆ ਹੈ। ਪਿਛਲੀ ਵਾਰ ਭਾਜਪਾ ਕੋਲ 47 ਸੀਟਾਂ ਸਨ।

 

 

ਇਸ ਤੋਂ ਇਲਾਵਾ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਾਲੇ ਬੀਤੀ 18 ਅਗਸਤ ਨੂੰ ਸੂਬਾ–ਪੱਧਰੀ ‘ਜਨ ਆਸ਼ੀਰਵਾਦ ਯਾਤਰਾ’ ਵੀ ਕੀਤੀ ਹੈ; ਜਿਸ ਨੂੰ ਵੱਡੇ ਪੱਧਰ ਉੱਤੇ ਹੁੰਗਾਰਾ ਵੀ ਮਿਲਿਆ ਹੈ। ਹੁਣ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਉਂਦੀ 8 ਸਤੰਬਰ ਨੂੰ ਭਾਜਪਾ ਦੀ ਹਰਿਆਣਾ ਰੈਲੀ ਨੂੰ ਸੰਬੋਧਨ ਕਰਨਗੇ, ਤਦ ਸੂਬੇ ਦਾ ਚੋਣ ਮਾਹੌਲ ਹੋਰ ਵੀ ਭਖ ਜਾਵੇਗਾ।

 

 

ਇਸ ਦੇ ਮੁਕਾਬਲੇ ਕਾਂਗਰਸ ਪਾਰਟੀ ਨੇ ਹਾਲੇ ਆਪਣੀ ਚੋਣ–ਮੁਹਿੰਮ ਦੀ ਸ਼ੁਰੂਆਤ ਕਰਨੀ ਹੈ।

 

 

ਅਜਿਹੇ ਹਾਲਾਤ ਵਿੱਚ ਕੀ ਕੁਮਾਰੀ ਸ਼ੈਲਜਾ ਕਾਂਗਰਸ ਦੀ ਸਿਆਸੀ ਬੇੜੀ ਨੂੰ ਕਿਸੇ ਤਣ–ਪੱਤਣ ਲਾ ਸਕਣਗੇ ਜਾਂ ਨਹੀਂ – ਇਹ ਵੱਡਾ ਸੁਆਲ ਹੈ। ਉਂਝ ਬਹੁਤੇ ਹਾਲਾਤ ਨਵੀਂ ਪਾਰਟੀ ਪ੍ਰਧਾਨ ਦੇ ਉਲਟ ਹੀ ਵਿਖਾਈ ਦੇ ਰਹੇ ਹਨ।

 

 

ਇਸ ਆਰਟੀਕਲ ਬਾਰੇ ਤੁਸੀਂ ਆਪਣੇ ਵਿਚਾਰ ਇਸ ਈ–ਮੇਲ ਪਤੇ ramesh.vinayak@hindustantimes.com ’ਤੇ ਭੇਜ ਸਕਦੇ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress hears now dissidents in Haryana before Polls Will it be beneficial