ਮਹਾਰਾਸ਼ਟਰ ’ਚ ਮੁੱਖ ਮੰਤਰੀ ਊਧਵ ਠਾਕਰੇ ਨੇ ਛੇ ਮੰਤਰੀਆਂ ਨਾਲ ਸਹੁੰ ਲੈ ਕੇ ਗੱਠਜੋੜ ਸਰਕਾਰ ਤਾਂ ਕਾਇਮ ਕਰ ਲਈ ਹੈ ਪਰ ਪਰਦੇ ਪਿੱਛੇ ਹਾਲੇ ਵੀ ਜ਼ੋਰ–ਅਜ਼ਮਾਇਸ਼ ਜਾਰੀ ਹੈ। ਇਹ ਲੜਾਈ ਸ਼ਿਵ ਸੈਨਾ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ਵਿੱਚ ਹਿੱਸੇਦਾਰੀ ਨੂੰ ਲੈ ਕੇ ਹੈ।
ਸ੍ਰੀ ਸ਼ਰਦ ਪਵਾਰ ਦੀ ਅਗਵਾਈ ਹੇਠਲੀ NCP (ਰਾਸ਼ਟਰਵਾਦੀ ਕਾਂਗਰਸ ਪਾਰਟੀ) ਜਿੱਥੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਉੱਤੇ ਆਪਣੀ ਦਾਅਵੇਦਾਰੀ ਪ੍ਰਗਟਾ ਰਹੀ ਹੈ, ਉੱਥੇ ਕਾਂਗਰਸ ਸਰਕਾਰ ਵਿੱਚ ਉੱਪ–ਮੁੱਖ ਮੰਤਰੀ ਦਾ ਅਹੁਦਾ ਲੈਣ ਦੀ ਜ਼ਿੱਦ ’ਤੇ ਅੜੀ ਹੋਈ ਹੈ।
ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਹੇਠਲੀ ਸਰਕਾਰ ’ਚ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੇ ਦੋ–ਦੋ ਮੰਤਰੀ ਹਨ। ਸ਼ੁਰੂਆਤੀ ਤੌਰ ’ਤੇ ਇਹ ਤੈਅ ਹੋਇਆ ਸੀ ਕਿ ਉੱਪ–ਮੁੱਖ ਮੰਤਰੀ ਦਾ ਅਹੁਦਾ ਐੱਨਸੀਪੀ ਤੇ ਵਿਧਾਨ ਸਭਾ ਸਪੀਕਰ ਦਾ ਅਹੁਦਾ ਕਾਂਗਰਸ ਨੂੰ ਮਿਲੇਗਾ। ਇਸ ਦੇ ਨਾਲ ਹੀ ਸਰਕਾਰ ਵਿੱਚ ਸ਼ਿਵ ਸੈਨਾ–ਐੱਨਸੀ ਪੀ ਦੇ 15–15 ਅਤੇ ਕਾਂਗਰਸ ਦੇ 13 ਮੰਤਰੀ ਹੋਣਗੇ ਪਰ ਕਾਂਗਰਸ ਇਸ ਲਈ ਤਿਆਰ ਨਹੀਂ ਹੈ।
ਗੱਠਜੋੜ ਸਰਕਾਰ ਵਿੱਚ ਕਾਂਗਰਸ ਪਾਰਟੀ ਉੱਪ–ਮੁੱਖ ਮੰਤਰੀ ਦਾ ਅਹੁਦਾ ਚਾਹੁੰਦੀ ਹੈ। ਮਹਾਰਾਸ਼ਟਰ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਹਿਕਾ ਕਿ ਸੰਕਟ ਵੇਲੇ ਵਿਧਾਨ ਸਭਾ ਸਪੀਕਰ ਬਹੁਤ ਅਹਿਮ ਹੁੰਦਾ ਹੈ ਪਰ ਮੌਜੂਦਾ ਸਰਕਾਰ ਵਿੱਚ ਉੱਪ–ਮੁੱਖ ਮੰਤਰੀ ਹੋਣਾ ਵੀ ਓਨਾ ਹੀ ਅਹਿਮ ਹੈ ਕਿਉਂਕਿ ਉੱਪ–ਮੁੱਖ ਮੰਤਰੀ ਹੋਣ ਦੇ ਨਾਤੇ ਸਰਕਾਰ ਦੇ ਹਰ ਅਹਿਮ ਫ਼ੈਸਲੇ ਵਿੱਚ ਕਾਂਗਰਸ ਦੀ ਭੂਮਿਕਾ ਹੋਵੇਗੀ। ਇਸ ਲਈ ਪਾਰਟੀ ਅੰਦਰ ਇਹ ਰਾਇ ਵੀ ਬਣ ਕੇ ਉੱਭਰ ਰਹੀ ਹੈ ਕਿ ਵਿਧਾਨ ਸਭਾ ਸਪੀਕਰ ਦਾ ਅਹੁਦਾ NCP ਨੁੰ ਦੇ ਦਿੱਤਾ ਜਾਵੇ।
ਸੂਬਾ ਕਾਂਗਰਸ ਦੇ ਆਗੂ ਨੇ ਕਿਹਾ ਕਿ ਸਰਕਾਰੀ ਇਸ਼ਤਿਹਾਰਾਂ ਵਿੱਚ ਮੁੱਖ ਮੰਤਰੀ ਤੇ ਉੱਪ–ਮੁੱਖ ਮੰਤਰੀ ਦੀਆਂ ਹੀ ਤਸਵੀਰਾਂ ਜਾਂਦੀਆਂ ਹਨ। ਕਾਂਗਰਸ ਦਾ ਉੱਪ–ਮੁੱਖ ਮੰਤਰੀ ਨਾ ਹੋਣ ’ਤੇ ਲੋਕਾਂ ’ਚ ਇਹੋ ਸੁਨੇਹਾ ਜਾਵੇਗਾ ਕਿ ਉਹ ਸਿਰਫ਼ ਸ਼ਿਵ ਸੈਨਾ ਤੇ ਐੱਨਸੀਪੀ ਦੀ ਸਰਕਾਰ ਹੈ।
ਸਰਕਾਰ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਉੱਪ–ਮੁੱਖ ਮੰਤਰੀ ਦਾ ਅਹੁਦਾ ਅਹਿਮ ਹੈ। ਵਿਧਾਨ ਸਭਾ ਸਪੀਕਰ ਦਾ ਅਹੁਦਾ ਛੱਡਣ ਬਦਲੇ ਕਾਂਗਰਸ ਇੱਕ ਕੈਬਿਨੇਟ ਮੰਤਰੀ ਦਾ ਅਹੁਦਾ ਮੰਗ ਰਹੀ ਹੈ।
ਕਾਂਗਰਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਵਿਸ਼ਿਆਂ ਉੱਤੇ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਅਤੇ ਇੱਕ–ਦੋ ਦਿਨਾਂ ਵਿੱਚ ਤਸਵੀਰ ਸਾਫ਼ ਹੋ ਜਾਵੇਗੀ।