ਸੰਸਦ ਦੇ ਬਜਟ ਸੈਸ਼ਨ ਦੌਰਾਨ ਲੋਕ ਸਭਾ 'ਚ ਅੱਜ ਵੀ ਗਹਿਮਾ-ਗਹਿਮੀ ਵੇਖਣ ਨੂੰ ਮਿਲੀ। ਲੋਕ ਸਭਾ 'ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਮਹਾਤਮਾ ਗਾਂਧੀ ਨੂੰ ਗਾਲ੍ਹਾਂ ਕੱਢਣ ਵਾਲਿਆਂ ਨੂੰ 'ਰਾਵਣ ਦੀ ਔਲਾਦ' ਦੱਸਿਆ। ਸੰਸਦ ਸੈਸ਼ਨ ਦੇ ਚੌਥੇ ਦਿਨ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਕਿਹਾ ਕਿ ਇਹ ਲੋਕ ਰਾਮ ਦੇ ਪੁਜਾਰੀ ਦਾ ਅਪਮਾਨ ਕਰ ਰਹੇ ਹਨ।
ਦਰਅਸਲ, ਅਧੀਰ ਰੰਜਨ ਚੌਧਰੀ ਨੇ ਇਹ ਬਿਆਨ ਇਸ ਸਬੰਧ 'ਚ ਦਿੱਤਾ ਹੈ, ਜਿਸ ਵਿੱਚ ਭਾਜਪਾ ਦੇ ਸੰਸਦ ਮੈਂਬਰ ਅਨੰਤ ਹੇਗੜੇ ਨੇ ਸੋਮਵਾਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਅਗਵਾਈ 'ਚ ਸੁਤੰਤਰਤਾ ਅੰਦੋਲਨ ਨੂੰ ‘ਡਰਾਮਾ’ ਕਰਾਰ ਦਿੱਤਾ ਸੀ।
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ, “ਅੱਜ ਇਹ ਲੋਕ ਮਹਾਤਮਾ ਗਾਂਧੀ ਨੂੰ ਗਾਲ੍ਹਾਂ ਕੱਢਦੇ ਹਨ। ਇਹ ਰਾਵਣ ਦੇ ਬੱਚੇ ਹਨ। ਉਹ ਰਾਮ ਦੇ ਪੁਜਾਰੀ ਦਾ ਅਪਮਾਨ ਕਰ ਰਹੇ ਹਨ।" ਹਾਲਾਂਕਿ, ਇਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ ਬਿਆਨ ‘ਇਹ ਰਾਵਣ ਦੀ ਔਲਾਦ ਹਨ’ ਉੱਤੇ ਇਤਰਾਜ਼ ਪ੍ਰਗਟਾਇਆ।
Union Minister Pralhad Joshi in Lok Sabha: We, people of Bharatiya Janata Party, are the real bhakts. We are the real followers of Mahatma Gandhi. These people are the followers of 'nakli' Gandhi like Sonia Gandhi and Rahul Gandhi. https://t.co/c9qURUYBJ9 pic.twitter.com/0JWlnz51NY
— ANI (@ANI) February 4, 2020
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, "ਅਸੀਂ ਭਾਰਤੀ ਜਨਤਾ ਪਾਰਟੀ ਦੇ ਲੋਕ ਸੱਚੇ ਭਗਤ ਹਾਂ। ਅਸੀਂ ਮਹਾਤਮਾ ਗਾਂਧੀ ਦੇ ਸੱਚੇ ਪੈਰੋਕਾਰ ਹਾਂ। ਇਹ ਲੋਕ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਰਗੇ ਜਾਅਲੀ ਗਾਂਧੀ ਦੇ ਪੈਰੋਕਾਰ ਹਨ।"
ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਕਾਂਗਰਸ ਦੇ ਮੈਂਬਰਾਂ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਨੇ ਮਹਾਤਮਾ ਗਾਂਧੀ ਬਾਰੇ ਭਾਜਪਾ ਸੰਸਦ ਮੈਂਬਰ ਅਨੰਤ ਹੇਗੜੇ ਦੀ ਵਿਵਾਦਪੂਰਨ ਟਿੱਪਣੀ ਨੂੰ ਲੈ ਕੇ ਸਦਨ 'ਚ ਹੰਗਾਮਾ ਖੜਾ ਕਰ ਦਿੱਤਾ ਸੀ। ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਦਰਅਸਲ, ਅਨੰਤ ਹੇਗੜੇ ਨੇ ਹਾਲ ਹੀ 'ਚ ਬੰਗਲੁਰੂ ਵਿੱਚ ਇੱਕ ਸਮਾਗਮ ਵਿੱਚ ਦਾਅਵਾ ਕੀਤਾ ਸੀ ਕਿ ਪੂਰੀ ਆਜ਼ਾਦੀ ਦੀ ਲੜਾਈ ਅੰਗਰੇਜ਼ਾਂ ਦੀ ਸਹਿਮਤੀ ਅਤੇ ਸਹਿਯੋਗ ਨਾਲ ਲੜੀ ਗਈ ਸੀ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਸੁਤੰਤਰਤਾ ਅੰਦੋਲਨ ਇੱਕ ‘ਡਰਾਮਾ’ ਸੀ।