ਲੋਕ ਸਭਾ 'ਚ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਆਯੋਜਿਤ ਰਾਤ ਦੇ ਖਾਣੇ 'ਚ ਸ਼ਾਮਿਲ ਹੋਣ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਅਧੀਰ ਰੰਜਨ ਨੇ ਕਿਹਾ ਕਿ ਡਿਨਰ 'ਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਨਹੀਂ ਬੁਲਾਇਆ ਗਿਆ। ਚੌਧਰੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਕਸ਼ਨਰੀ 'ਚ ਲੋਕਤੰਤਰ ਦਾ ਅਰਥ ਬਦਲ ਚੁੱਕਾ ਹੈ।
ਰਾਸ਼ਟਰਪਤੀ ਟਰੰਪ ਦੇ ਸਨਮਾਨ 'ਚ 25 ਫ਼ਰਵਰੀ ਨੂੰ ਰਾਸ਼ਟਰਪਤੀ ਭਵਨ 'ਚ ਡਿਨਰ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰੋਟੋਕਾਲ ਦੇ ਅਨੁਸਾਰ ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਸੱਦਾ ਭੇਜਿਆ ਗਿਆ ਹੈ। ਚੌਧਰੀ ਨੇ ਕਿਹਾ, "ਸਾਡੀ ਪਾਰਟੀ ਦੀ ਨੇਤਾ ਸੋਨੀਆ ਗਾਂਧੀ ਨੂੰ ਸੱਦਾ ਨਹੀਂ ਦਿੱਤਾ ਗਿਆ। ਟਰੰਪ ਅਤੇ ਮੋਦੀ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਦੀ ਪ੍ਰਤੀਨਿੱਧਤਾ ਕਰਦੇ ਹਨ। ਲੋਕਤੰਤਰ 'ਚ ਕਈ ਗੱਲਾਂ ਹਨ, ਜਿਨ੍ਹਾਂ 'ਚ ਸ਼ਾਲੀਨਤਾ ਅਤੇ ਸ਼ਿਸ਼ਟਾਚਾਰ ਵੀ ਹੈ।"
ਚੌਧਰੀ ਨੇ ਕਿਹਾ, "ਜਦੋਂ ਮੋਦੀ ਅਮਰੀਕਾ ਗਏ, ਤਾਂ ਰਿਪਬਲੀਕਨ ਅਤੇ ਡੈਮੋਕਰੇਟਸ ਦੋਵੇਂ 'ਹਾਊਡੀ ਮੋਦੀ' ਪ੍ਰੋਗਰਾਮ ਵਿੱਚ ਸਟੇਜ਼ ਉੱਤੇ ਮੌਜੂਦ ਸਨ। ਪਰ ਇੱਥੇ ਮੋਦੀ ਦੀ ਡਿਕਸ਼ਨਰੀ ਵਿੱਚ ਲੋਕਤੰਤਰ ਦੇ ਅਰਥ ਬਦਲ ਗਏ ਹਨ। ਇੱਥੇ ਸਿਰਫ ਮੋਦੀ ਦਾ ਸ਼ੋਅ ਹੋਵੇਗਾ, ਜਿਵੇਂ ਕਿ ਭਾਰਤ ਮੋਦੀ ਦਾ ਹੋਵੇ। ਕਾਂਗਰਸ 134 ਸਾਲ ਪੁਰਾਣੀ ਲੋਕਤੰਤਰੀ ਪਾਰਟੀ ਹੈ ਅਤੇ ਸਾਡੇ ਨੇਤਾ ਨੂੰ ਸਾਰੇ ਲੋਕਤੰਤਰੀ ਦੇਸ਼ਾਂ ਨੇ ਮਾਨਤਾ ਦਿੱਤੀ ਹੈ। ਪਰ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ ਹੈ। ਇਸ ਦਾ ਕਾਂਗਰਸ ਨਾਲ ਸਿੱਧਾ ਸਬੰਧ ਹੈ। ਇਸ ਲਈ ਮੈਂ ਇਸ ਸੱਦੇ ਨੂੰ ਸਵੀਕਾਰ ਨਹੀਂ ਕਰ ਸਕਦਾ।"
ਚੌਧਰੀ ਨੇ ਕਿਹਾ, "ਸਾਡੀ ਸਰਕਾਰ ਦੌਰਾਨ ਇਹ ਸੁਨਿਸ਼ਚਿਤ ਕੀਤਾ ਗਿਆ ਸੀ ਕਿ ਵਿਦੇਸ਼ੀ ਆਗੂਆਂ ਦੇ ਭਾਰਤ ਦੌਰੇ ਸਮੇਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਉਨ੍ਹਾਂ ਨਾਲ ਮੁਲਾਕਾਤ ਹੋ ਸਕੇ।" ਉਨ੍ਹਾਂ ਦੋਸ਼ ਲਗਾਇਆ ਕਿ ਟਰੰਪ ਦੇ ਆਉਣ ਨਾਲ ਸੈਂਕੜੇ ਕਰੋੜ ਰੁਪਏ ਰੁਪਏ ਬਰਬਾਦ ਹੋ ਰਹੇ ਹਨ।