ਕਾਂਗਰਸ ਦੀ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਵਿਸ਼ੇਸ਼ ਪੈਕੇਜ਼ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਆਖਰੀ ਐਲਾਨ ਤੋਂ ਬਾਅਦ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, "ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਨੂੰ ਅਜਿਹੇ ਖ਼ਰਾਬ ਆਰਥਿਕ ਹਾਲਾਤ ਤੋਂ ਕੱਢਣ ਲਈ ਕੇਂਦਰ ਸਰਕਾਰ ਕੋਲ ਕੋਈ ਰੋਡਮੈਪ ਨਹੀਂ ਹੈ। ਸਰਕਾਰ ਇਸ ਕਰਜ਼ੇ ਨੂੰ ਰਾਹਤ ਪੈਕੇਜ਼ ਨਹੀਂ ਕਹਿ ਸਕਦੀ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਤੁਰੰਤ ਰਾਹਤ ਦਿੰਦਿਆਂ ਰਾਹਤ ਪੈਕੇਜ਼ ਦਾ ਐਲਾਨ ਕੀਤਾ ਹੈ। ਮੋਦੀ ਸਰਕਾਰ ਨੇ ਸ਼ਹਿਰੀ ਗਰੀਬ ਲੋਕਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਆਪਣੇ ਪੈਕੇਜ਼ ਵਿੱਚ ਕੁਝ ਨਹੀਂ ਦਿੱਤਾ ਹੈ।"
ਕੋਰੋਨਾ ਮਹਾਂਮਾਰੀ ਨਾਲ ਪੈਦਾ ਹੋਏ ਆਰਥਿਕ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਵੱਲੋਂ 20 ਲੱਖ ਕਰੋੜ ਰੁਪਏ ਦੇ ਆਤਮ ਨਿਰਭਰ ਵਿਸ਼ੇਸ਼ ਪੈਕੇਜ਼ ਦੀ ਘੋਸ਼ਣਾ 'ਤੇ ਪਲਟਵਾਰ ਕਰਦਿਆਂ ਆਨੰਦ ਸ਼ਰਮਾ ਨੇ ਕਿਹਾ ਕਿ ਇਹ ਪੈਕੇਜ ਸਿਰਫ 3.22 ਲੱਖ ਕਰੋੜ ਰੁਪਏ ਦਾ ਹੈ ਜੋ ਜੀਡੀਪੀ ਦਾ 1.6% ਹੈ। 20 ਲੱਖ ਕਰੋੜ ਦਾ ਕੋਈ ਪੈਕੇਜ਼ ਨਹੀਂ ਹੈ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ।
ਆਨੰਦ ਸ਼ਰਮਾ ਨੇ ਇਹ ਵੀ ਕਿਹਾ ਕਿ ਵਿੱਤ ਮੰਤਰੀ ਦੀ ਹਾਲਤ ਸਮਝੀ ਜਾ ਸਕਦੀ ਹੈ, ਕਿਉਂਕਿ ਅਰਥਚਾਰਾ ਤਬਾਹ ਹੋ ਚੁੱਕਾ ਹੈ ਅਤੇ ਸ਼ਿਸ਼ਟਾਚਾਰ ਵੀ ਬਣਾਈ ਰੱਖਣਾ ਹੈ ਪਰ ਰੇਲ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਰਿਹਾ ਹੈ? ਲੋਕ ਸੜਕਾਂ 'ਤੇ ਕਿਉਂ ਮਰ ਰਹੇ ਹਨ? ਸਰਕਾਰ ਸਿਰਫ਼ ਜ਼ੁਬਾਨੀ ਮਦਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ 12.3 ਕਰੋੜ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ। ਅਸੀਂ ਛੋਟੇ ਵਪਾਰੀਆਂ ਲਈ ਉਨ੍ਹਾਂ ਨੂੰ ਬਿਨਾਂ ਕਿਸੇ ਵਿਆਜ਼ ਦੇ ਵਿੱਤੀ ਸਹਾਇਤਾ ਦੇਣ ਲਈ ਕਿਹਾ ਸੀ ਤਾਂ ਜੋ ਛੋਟੇ ਤੇ ਦਰਮਿਆਨੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਰੁਜ਼ਗਾਰ ਨੂੰ ਬਚਾਇਆ ਜਾ ਸਕੇ। ਜਿੱਥੋਂ ਤਕ ਅਨਾਜ ਦੇਣ ਦੀ ਗੱਲ ਹੈ, ਇਹ ਪਹਿਲਾਂ ਹੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਦਿੱਤਾ ਜਾ ਰਿਹਾ ਹੈ। ਜਦ ਤਕ ਇਨ੍ਹਾਂ ਲੋਕਾਂ ਨੂੰ ਸਿੱਧੇ ਪੈਸੇ ਨਹੀਂ ਦਿੱਤੇ ਜਾਣਗੇ, ਉਨ੍ਹਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ।