ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿੱਤੀ ਸਾਲ 2020-21 ਲਈ ਪੇਸ਼ ਹੋਏ ਆਮ ਬਜਟ ਨੂੰ ਖੋਖਲਾ ਕਰਾਰ ਦਿੰਦਿਆਂ ਸਨਿੱਚਰਵਾਰ ਨੂੰ ਕਿਹਾ ਕਿ ਇਸ 'ਚ ਕੁੱਝ ਨਵਾਂ ਨਹੀਂ ਹੈ ਅਤੇ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਕੁੱਝ ਨਹੀਂ ਕੀਤਾ ਗਿਆ।
ਉਨ੍ਹਾਂ ਸੰਸਦ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਮੁੱਖ ਮੁੱਦਾ ਬੇਰੁਜ਼ਗਾਰੀ ਹੈ। ਮੈਨੂੰ ਇਸ 'ਚ ਅਜਿਹਾ ਕੁੱਝ ਨਹੀਂ ਵਿਖਾਈ ਦਿੱਤਾ ਜੋ ਰੁਜ਼ਗਾਰ ਪੈਦਾ ਕਰਨ ਲਈ ਹੋਵੇ।" ਰਾਹੁਲ ਗਾਂਧੀ ਨੇ ਕਿਹਾ ਕਿ ਇਹ ਇਤਿਹਾਸ ਦਾ ਸੱਭ ਤੋਂ ਲੰਮਾ ਭਾਸ਼ਣ ਹੋ ਸਕਦਾ ਹੈ ਪਰ ਇਸ 'ਚ ਕੁੱਝ ਠੋਸ ਨਹੀਂ ਸੀ। ਇਸ 'ਚ ਪੁਰਾਣੀਆਂ ਗੱਲਾਂ ਨੂੰ ਦੁਹਰਾਇਆ ਗਿਆ ਹੈ।
ਕੀ ਲੋਕਾਂ ਦੀ ਆਮਦਨ ਵਧੀ, ਕੀ ਕਿਸਾਨਾਂ ਦੀ ਆਮਦਨ ਦੁਗਣੀ ਹੋਈ : ਅਖਿਲੇਸ਼ ਯਾਦਵ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕਾਂ ਦੀ ਆਮਦਨ ਨਹੀਂ ਵਧੀ ਹੈ। ਕੀ ਕਿਸਾਨਾਂ ਦੀ ਆਮਦਨ ਦੁਗਣੀ ਹੋਈ ਹੈ। ਕੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਲੱਗਿਆ ਹੈ। ਲੋਕਾਂ ਦੀ ਆਮਦਨ ਖਤਮ ਹੋ ਰਹੀ ਹੈ।
ਵਿੱਤ ਮੰਤਰੀ ਦੇ ਦਾਅਵੇ ਅਸਲੀਅਤ ਤੋਂ ਦੂਰ : ਅਨੰਦ ਸ਼ਰਮਾ
ਕਾਂਗਰਸ ਦੇ ਸੀਨੀਅਰ ਬੁਲਾਰੇ ਅਨੰਦ ਸ਼ਰਮਾ ਨੇ ਟਵੀਟ ਕਰਕੇ ਕਿਹਾ, "ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਿੱਤ ਮੰਤਰੀ ਦਾ ਦਾਅਵਾ ਖੋਖਹਾ ਹੈ ਅਤੇ ਅਸਲੀਅਤ ਤੋਂ ਕਾਫੀ ਦੂਰ ਹੈ। ਖੇਤੀ ਵਿਕਾਸ ਦਰ 2 ਫੀਸਦੀ ਹੋ ਗਈ ਹੈ। ਆਮਦਨ ਦੁਗਣੀ ਕਰਨ ਲਈ ਖੇਤੀ ਵਿਕਾਸ ਦਰ ਨੂੰ 11 ਫੀਸਦੀ ਰਹਿਣਾ ਹੋਵੇਗਾ।" ਉਨ੍ਹਾਂ ਦਾਅਵਾ ਕੀਤਾ, "ਨਿਰਮਲਾ ਸੀਤਾਰਮਣ ਬਜਟ ਸਬੰਧੀ ਗਣਿਤ ਨੂੰ ਸਪੱਸ਼ਟ ਕਰਨ 'ਚ ਨਾਕਾਮ ਰਹੀ ਹੈ। ਨਵੰਬਰ ਮਹੀਨੇ ਤਕ ਜਿਹੜਾ ਮਾਲੀਆ ਆਇਆ ਹੈ, ਉਹ ਬਜਟ ਆਂਕਲਨ ਦਾ ਸਿਰਫ 45 ਫੀਸਦੀ ਹੈ।" ਉਨ੍ਹਾਂ ਕਿਹਾ, "ਲੱਛੇਦਾਰ ਭਾਸ਼ਾ ਅਤੇ ਉੱਚੀ ਆਵਾਜ਼ 'ਚ ਬੋਲਣਾ ਤੇ ਪੁਰਾਣੀਆਂ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ।"
ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਕਿਹਾ ਕਿ ਅਜਿਹੇ ਦੌਰ 'ਚ ਜਦੋਂ ਭਾਰਤ ਆਰਥਿਕ ਰੂਪ ਨਾਲ ਡਿੱਗ ਰਿਹਾ ਹੈ ਤਾਂ ਵਿੱਤ ਮੰਤਰੀ ਦਾ ਬਜਟ ਭਾਸ਼ਣ ਆਮ ਨਾਗਰਿਕਾਂ ਦੀ ਮਦਦ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣਗਾਣ ਕਰਨ 'ਤੇ ਵੱਧ ਕੇਂਦਰਿਤ ਸੀ।
ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਦੇਸ਼ ਸਟੈਂਡ ਅਪ ਇੰਡੀਆ ਦੀ ਥਾਂ ਸ਼ਿਟ ਡਾਊਨ ਇੰਡੀਆ ਵੱਲ ਜਾ ਰਿਹਾ ਹੈ।