ਕਾਂਗਰਸ ਲਈ ਸਾਲ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਾਂਗ 2020 ਦੇ ਨਤੀਜਿਆਂ ’ਚ ਵੀ ਕੁਝ ਤਬਦੀਲੀ ਹੁੰਦੀ ਨਜ਼ਰ ਨਹੀਂ ਆ ਰਹੀ। ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਲਈ ਮਾੜੀ ਖ਼ਬਰ ਇਹ ਵੀ ਹੈ ਕਿ ਦਿੱਲੀ ’ਚ ਹੁਣ ਉਸ ਦਾ ਵੋਟ–ਸ਼ੇਅਰ (ਵੋਟ–ਹਿੱਸਾ) ਅੱਧਾ ਰਹਿ ਗਿਆ ਹੈ।
ਚੋਣ ਕਮਿਸ਼ਨ ਨੇ ਸਵੇਰੇ 10:30 ਵਜੇ ਤੱਕ 64 ਸੀਟਾਂ ਦੇ ਰੁਝਾਨ ’ਚ ਕਾਂਗਰਸ ਦਾ ਖਾਤਾ ਇੱਕ ਵਾਰ ਫਿਰ ਖੁੱਲ੍ਹਦਾ ਨਹੀਂ ਦਿਸ ਰਿਹਾ। ਕਾਂਗਰਸ ਸਿਰਫ਼ ਤਿੰਨ ਸੀਟਾਂ ਉੱਤੇ ਟੱਕਰ ਦੇ ਰਹੀ ਹੈ।
ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਮੁੜ–ਵਾਪਸੀ ਕਰਨ ਵਾਲੇ ਅਲਕਾ ਲਾਂਬਾ 5,886 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ। ਉਹ ਚਾਂਦਨੀ ਚੌਕ–ਦਿੱਲੀ ਤੋਂ ਵਿਧਾਇਕਾ ਹਨ। ਇੱਥੇ ਆਮ ਆਦਮੀ ਪਾਰਟੀ ਪ੍ਰਹਿਲਾਦ ਸਿੰਘ ਅੱਗੇ ਚੱਲ ਰਹੇ ਹਨ।
ਦਿੱਲੀ ਛਾਉਣੀ ਤੋਂ ਕਾਂਗਰਸ ਉਮੀਦਵਾਰ ਸੰਦੀਪ ਤੰਵਰ ਪਿੱਛੇ ਚੱਲ ਰਹੇ ਹਨ। ਇਸ ਸੀਟ ਤੋਂ ਭਾਜਪਾ ਦੇ ਮਨੀਸ਼ ਸਿੰਘ ਅੱਗੇ ਚੱਲ ਰਹੇ ਹਨ। ਗਾਂਧੀ ਨਗਰ ਸੀਟ ਤੋਂ ਅਰਵਿੰਦਰ ਸਿੰਘ ਲਵਲੀ 3052 ਵੋਟਾਂ ਤੋਂ ਪਿੱਛੇ ਚੱਲ ਰਹ ਹਨ। ਇਸ ਸੀਟ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵੀਨ ਚੌਧਰੀ ਅੱਗੇ ਚੱਲ ਰਹੇ ਹਨ।
ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ 10 ਫ਼ੀ ਸਦੀ ਵੋਟਾਂ ਮਿਲੀਆਂ ਸਨ, ਜੋ ਇਸ ਵਾਰ ਘਟਅ ਕੇ ਸ਼ੁਰੂਆਤੀ ਰੁਝਾਨਾਂ ’ਚ 4.40 ਰਹਿ ਗਿਆ ਹੈ। ਇਹ ਦਿੱਲੀ ਦੀ ਪਿਛਲੀ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਅੱਧਾ ਹੈ।
ਦਿੱਲੀ ਵਿਧਾਨ ਸਭਾ ਚੋਣਾਂ ’ਚ ਐਤਕੀਂ 672 ਉਮੀਦਵਾਰ ਚੋਣ–ਮੈਦਾਨ ’ਚ ਸਨ; ਜਿਨ੍ਹਾਂ ਵਿੱਚੋਂ 593 ਮਰਦ ਤੇ 79 ਔਰਤ ਉਮੀਦਵਾਰ ਸਨ। 23 ਵਿਧਾਨ ਸਭਾ ਹਲਕਿਆਂ ’ਚ ਇੱਕ ਵੀ ਮਹਿਲਾ ਉਮੀਦਵਾਰ ਨਹੀਂ ਸੀ। ਇਸ ਵਾਰ ਵਿਧਾਨ ਸਭਾ ਚੋਣਾਂ ਲਈ ਇੱਕ ਕਰੋੜ 47 ਲੱਖ 86 ਹਜ਼ਾਰ 382 ਵੋਟਰ ਸਨ; ਜਿਨ੍ਹਾਂ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 81.50 ਲੱਖ ਅਤੇ ਔਰਤ ਵੋਟਰਾਂ ਦੀ ਗਿਣਤੀ 66.80 ਲੱਖ ਸੀ।