ਦੇਸ਼ ’ਚ CAA, NPR ਅਤੇ NRC ਨੂੰ ਲੈ ਕੇ ਛਿੜੀ ਬਹਿਸ ਦੌਰਾਨ ਕਾਂਗਰਸ ਨੇ ਹੁਣ ਨੈਸ਼ਨਲ ਰਜਿਸਟਰ ਆੱਫ਼ ਅਨਇੰਪਲਾਇਮੈਂਟ (NRU) ਬਣਾਉਣ ਦੀ ਮੰਗ ਉਠਾਈ ਹੈ। ਇਸ ਲਈ ਪਾਰਟੀ ਨੇ ਦੇਸ਼ ਪੱਧਰ ਉੱਤੇ ਮੁਹਿੰਮ ਵਿੱਢ ਦਿੱਤੀ ਹੈ। ਇਸ ਦੀ ਜ਼ਿੰਮੇਵਾਰੀ ਸੰਭਾਲ ਰਹੀ ਭਾਰਤੀ ਯੁਵਾ ਕਾਂਗਰਸ ਨੇ ਇੱਕ ਟੋਲ–ਫ਼੍ਰੀ ਨੰਬਰ 81519 94411 ਵੀ ਜਾਰੀ ਕਰ ਦਿੱਤਾ ਹੈ। ਇਸ ਉੱਤੇ ਮਿਸਡ ਕਾਲ ਰਾਹੀਂ ਬੇਰੁਜ਼ਗਾਰਾਂ ਦਾ ਸਮਰਥਨ ਹਾਸਲ ਕੀਤਾ ਜਾ ਰਿਹਾ ਹੈ।
ਕਾਂਗਰਸੀ ਹੈੱਡਕੁਆਰਟਰਜ਼ ’ਚ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤੀ ਯੁਵਾ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅੱਲਾਵਰੂ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਧਾਰਾ–370, ਸੀਏਏ ਤੇ ਐੱਨਆਰਸੀ ਜਿਹੇ ਮੁੱਦੇ ਉਛਾਲ਼ ਰਹੀ ਹੈ।
ਦੇਸ਼ ਵਿੱਚ ਅੱਜ ਬੇਰੁਜ਼ਗਾਰੀ ਪਿਛਲੇ 45 ਸਾਲਾਂ ’ਚ ਸਭ ਤੋਂ ਵੱਧ ਹੈ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਰੋਜ਼ਾਨਾ 36 ਨੌਜਵਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਪਰ ਸਰਕਾਰ ਨੂੰ ਉਸ ਦੀ ਕੋਈ ਪਰਵਾਹ ਨਹੀਂ ਹੈ।
ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਬੀ.ਵੀ. ਸ੍ਰੀਨਿਵਾਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਦੀਅ ਚੋਣਾਂ ਵੇਲੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਮੌਜੂਦਾ ਸਰਕਾਰ ਕੋਲ ਕੋਈ ਅਧਿਕਾਰਤ ਅੰਕੜਾ ਨਹੀਂ ਹੈ ਕਿ ਪਿਛਲੇ ਛੇ ਸਾਲਾਂ ਦੌਰਾਨ ਕਿੰਨੇ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ।
ਯੁਵਾ ਕਾਂਗਰਸ ਦੇ ਬੁਲਾਰੇ ਅਮਰੀਸ਼ ਰੰਜਨ ਪਾਂਡੇ ਨੇ ਦੱਸਿਆ ਕਿ ਯੁਵਾ ਇਕਾਈ ਦੀ ਸੋਸ਼ਲ ਟੀਮ ਨੇ ਇੱਕ ਪੋਰਟਲ ਵੀ ਤਿਆਰ ਕੀਤਾ ਹੈ; ਜਿਸ ਰਾਹੀਂ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦਾ ਡਾਟਾ ਇਕੱਠਾ ਕੀਤਾ ਜਾਵੇਗਾ। ਇਸ ਤੋਂ ਬਾਅਦ ਬੇਰੁਜ਼ਗਾਰੀ ਰਜਿਸਟਰ ਤਿਆਰ ਕਰਨ ਦੀ ਮੰਗ ਦਾ ਸਮਰਥਨ ਕਰਨ ਵਾਲੇ ਤੇ ਕੁੱਲ ਬੇਰੁਜ਼ਗਾਰ ਨੌਜਵਾਨਾਂ ਦਾ ਵੇਰਵਾ ਸਰਕਾਰ ਨੂੰ ਸੌਂਪਿਆ ਜਾਵੇਗਾ।