ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਭਾਰਤ ਦੌਰੇ ’ਤੇ ਕਾਂਗਰਸ ਪਾਰਟੀ ਨੇ ਸੁਆਲ ਖੜ੍ਹੇ ਕੀਤੇ ਹਨ। ਕਾਂਗਰਸ ਨੇ ਪੁੱਛਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਕਿਸ ਦੇ ਸੱਦੇ ’ਤੇ ਭਾਰਤ ਆ ਰਹੇ ਹਨ।
ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਵਿਦੇਸ਼ ਮੰਤਰਾਲੇ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਅਹਿਮਦਾਬਾਦ ਦਾ ਪ੍ਰੋਗਰਾਮ ਕਿਸੇ ਨਿਜੀ ਸੰਸਥਾ ਵੱਲੋਂ ਕਰਵਾਏ ਜਾਣ ਦੀ ਗੱਲ ਆਖੀ ਗਈ ਸੀ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ‘ਨਾਗਰਿਕ ਅਭਿਨੰਦਨ ਸਮਿਤੀ’ ਕੌਣ ਹੈ? ਇਸ ਦੇ ਮੈਂਬਰ ਕੌਣ ਹੈ? ਜੇ ਡੋਨਾਲਡ ਟਰੰਪ ਨੂੰ ਇੱਕ ਨਿਜੀ ਜੱਥੇਬੰਦੀ ਵੱਲੋਂ ਸੱਦਿਆ ਜਾ ਰਿਹਾ ਹੈ, ਤਦ ਗੁਜਰਾਤ ਸਰਕਾਰ ਇੰਨੇ ਕਰੋੜਾਂ ਰੁਪਏ ਕਿਉਂ ਖਰਚ ਕਰ ਰਹੀ ਹੈ?
ਸ੍ਰੀ ਸੁਰਜੇਵਾਲਾ ਨੇ ਸੁਆਲ ਕੀਤਾ ਕਿ ਮੋਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਅਹਿਮਦਾਬਾਦ ਦੇ ਇਸ ਸਮਾਰੋਹ ਲਈ ਕਿਸ ਨੇ ਸੱਦਾ ਦਿੱਤਾ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਰਿੰਦਰ ਮੋਦੀ ਨੇ ਸੱਦਿਆ ਹੈ ਤੇ ਹੁਣ ਉਹ ਇੱਕ ਕਰੋੜ ਲੋਕਾਂ ਵੱਲੋਂ ਸੁਆਗਤ ਕੀਤੇ ਜਾਣ ਦੀਆਂ ਗੱਲਾਂ ਕਰ ਰਹੇ ਹਨ। ਪਰ ਵਿਦੇਸ਼ ਮੰਤਰਾਲਾ ਆਖ ਰਿਹਾ ਹੈ ਕਿ ਇਹ ਕੋਈ ਅਧਿਕਾਰਤ ਸਮਾਰੋਹ ਨਹੀਂ ਹੈ।
ਕਾਂਗਰਸੀ ਆਗੂ ਨੇ ਆਪਣੇ ਟਵੀਟ ’ਚ ਦਾਅਵਾ ਕੀਤਾ ਕਿ ਗੁਜਰਾਤ ਸਰਕਾਰ ਤਿੰਨ ਘੰਟਿਆਂ ਦੇ ਇਸ ਸਮਾਰੋਹ ਉੱਤੇ 120 ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਵਿਦੇਸ਼ ਨੀਤੀ ਇੱਕ ਗੰਭੀਰ ਵਿਸ਼ਾ ਹੈ। ਇਹ ਕੋਈ ਈਵੈਂਟ ਮੈਨੇਜਮੈਂਟ ਦਾ ਹਿੱਸਾ ਨਹੀਂ ਹੈ?