ਕੇਰਲ, ਕਰਨਾਟਕ, ਮਹਾਰਾਸ਼ਟਰ ਤੇ ਗੁਜਰਾਤ ਵਿੱਚ ਮੀਂਹ ਤੇ ਹੜ੍ਹ ਦਾ ਕਹਿਰ ਜਾਰੀ ਹੈ। ਮੀਂਹ ਤੇ ਹੜ੍ਹ ਕਾਰਨ ਇਨ੍ਹਾਂ ਸੂਬਿਆਂ ਵਿੱਚ ਹੁਣ ਤੱਕ 125 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਹੜ੍ਹਾਂ ਕਾਰਨ ਕਈ ਰਸਤੇ ਵੀ ਬੰਦ ਹੋ ਚੁੱਕੇ ਹਨ। ਥਾਂ–ਥਾਂ ਉੱਤੇ ਪੁਲਿਸ, ਫ਼ੌਜ ਤੇ ਐੱਨਡੀਆਰਐੱਫ਼ ਵੱਲੋਂ ਹੜ੍ਹ ਵਿੱਚ ਫਸੇ ਲੋਕਾਂ ਨੂੰ ਕੱਢਣ ਤੇ ਉਨ੍ਹਾਂ ਦੀਆਂ ਜਾਨਾਂ ਬਚਾਉਣ ਦੇ ਹਰ ਸੰਭਵ ਜਤਨ ਜਾਰੀ ਹਨ।
ਇਸੇ ਦੌਰਾਨ ਗੁਜਰਾਤ ਦਾ ਇੱਕ ਵਿਡੀਓ ਵੀ ਵਾਇਰਲ ਹੋ ਰਿਹਾ ਹੈ; ਜਿਸ ਵਿੱਚ ਇੱਕ ਕਾਂਸਟੇਬਲ ਦੋ ਬੱਚੀਆਂ ਨੂੰ ਆਪਣੇ ਮੋਢੇ ਉੱਤੇ ਬਿਠਾ ਕੇ ਹੜ੍ਹ ਦੇ ਡੂੰਘੇ ਪਾਣੀਆਂ ਵਿੱਚੋਂ ਨਿੱਕਲਦਾ ਹੋਇਆ ਅੱਗੇ ਵਧਦਾ ਜਾ ਰਿਹਾ ਹੈ। ਗੁਜਰਾਤ ਦੇ ਇਸ ਕਾਂਸਟੇਬਲ ਪ੍ਰਿਥਵੀਰਾਜ ਨੂੰ ਸਾਬਕਾ ਕ੍ਰਿਕੇਟਰ ਵੀਵੀਐੱਸ ਲਕਸ਼ਮਣ ਨੇ ਵੀ ਸਲਾਮ ਕੀਤਾ ਹੈ।
ਵੀਵੀਐੱਸ ਲਕਸ਼ਮਣ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਟ ਉੱਤੇ ਇਹ ਵਿਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ – ਇਹ ਵਿਡੀਓ ਦਿਲ ਛੋਹ ਲੈਣ ਵਾਲਾ ਹੈ। ਗੁਜਰਾਤ ਦੇ ਕਾਂਸਟੇਬਲ ਪ੍ਰਿਥਵੀਰਾਜ ਸਿੰਘ ਜਡੇਜਾ ਨੇ ਕਲਿਆਣਪੁਰ ਪਿੰਡ ਵਿੱਚ ਇਨ੍ਹਾਂ ਬੱਚੀਆਂ ਨੂੰ ਬਾਹਰ ਕੱਢਿਆ।
What a wonderful and touching video of Constable Pruthviraj Sinh Jadeja in Kalyanpur village of Gujarat rescuing 2 children by walking one and a half kms in flood water. Hats off to his exemplary dedication and courage #GujaratFloods pic.twitter.com/Ia9cgcYIIP
— VVS Laxman (@VVSLaxman281) August 11, 2019
ਪ੍ਰਿਥਵੀਰਾਜ ਸਿੰਘ ਨੇ ਹੜ੍ਹ ਦੇ ਲੱਕ ਤੋਂ ਵੀ ਉਤਾਂਹ ਵਹਿ ਰਹੇ ਪਾਣੀ ਵਿੱਚ ਲਗਭਗ ਡੇਢ ਕਿਲੋਮੀਟਰ (KM) ਦਾ ਸਫ਼ਰ ਕਰ ਕੇ ਦੋਵੇਂ ਬੱਚੀਆਂ ਨੂੰ ਬਚਾਇਆ। ਬੱਚੀਆਂ ਲਈ ਫ਼ਰਿਸ਼ਤਾ ਬਣੇ ਕਾਂਸਟੇਬਲ ਨੂੰ ਵੇਖ ਕੇ ਲੋਕਾਂ ਨੂੰ ਭਗਵਾਨ ਹਨੂਮਾਨ ਚੇਤੇ ਆ ਗਏ।
ਇਹ ਵਿਡੀਓ ਵਾਇਰਲ ਹੋ ਗਿਆ ਹੈ।