ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਜਾਰੀ ਹੈ। ਲੌਕਡਾਊਨ 'ਚ ਸਭ ਤੋਂ ਬੁਰਾ ਹਾਲ ਪ੍ਰਵਾਸੀ ਮਜ਼ਦੂਰਾਂ ਦਾ ਹੈ ਅਤੇ ਉਹ ਆਪਣੇ ਘਰ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਿਚਕਾਰ ਮਹਾਰਾਸ਼ਟਰ ਦੇ ਵਰਧਾ 'ਚ ਇੱਕ ਪ੍ਰਵਾਸੀ ਮਜ਼ਦੂਰ ਨੇ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਕੋਰੋਨਾ ਵਾਇਰਸ ਕਾਰਨ ਲਾਗੂ ਦੇਸ਼ਪੱਧਰੀ ਬੰਦ ਕਾਰਨ ਇਹ ਮਜ਼ਦੂਰ ਗੁਆਂਢੀ ਸੂਬੇ ਤੇਲੰਗਾਨਾ ਦੇ ਹੈਦਰਾਬਾਦ ਤੋਂ ਕਈ ਸੌ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਮਹਾਰਾਸ਼ਟਰ ਦੇ ਗੋਂਦੀਆ ਜ਼ਿਲ੍ਹੇ 'ਚ ਆਪਣੇ ਘਰ ਆ ਰਿਹਾ ਸੀ। ਪੁਲਿਸ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰ ਸਿੰਘ ਮਡਾਵੀ (45) ਦੀ ਲਾਸ਼ ਗਿਰਾਡ ਪੁਲਿਸ ਥਾਣਾ ਖੇਤਰ ਵਿਖੇ ਇੱਕ ਖੇਤ 'ਚ ਦਰੱਖਤ ਨਾਲ ਲਟਕਦੀ ਮਿਲੀ। ਗਿਰਾਡ ਪੁਲਿਸ ਥਾਣੇ ਦੇ ਸਹਾਇਕ ਇੰਸਪੈਕਟਰ ਮਹਿੰਦਰ ਸੂਰਿਆਵੰਸ਼ੀ ਨੇ ਕਿਹਾ, "ਅਮਰ ਗੋਂਦੀਆ ਦੇ ਦੇਵਾਰੀ ਤਾਲੁਕ ਦੇ ਛਿਲਾਰੀ ਪਿੰਡ ਦਾ ਵਸਨੀਕ ਸੀ। ਉਹ ਹੈਦਰਾਬਾਦ 'ਚ ਕੰਮ ਕਰਦਾ ਸੀ ਅਤੇ ਪੈਦਲ ਹੀ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਇੱਕ ਸਾਫ਼ੇ ਨਾਲ ਫਾਹਾ ਬਣਾ ਕੇ ਖੁਦਕੁਸ਼ੀ ਕਰ ਲਈ।"
ਸੂਰਿਆਵੰਸ਼ੀ ਨੇ ਕਿਹਾ, "ਉਸ ਨੇ ਆਪਣੇ ਇੱਕ ਦੋਸਤ ਨੂੰ ਦੱਸਿਆ ਕਿ ਹੈਦਰਾਬਾਦ 'ਚ ਉਸ ਦੀ ਨੌਕਰੀ ਚਲੀ ਗਈ ਅਤੇ ਲੌਕਡਾਊਨ 'ਚ ਉਸ ਕੋਲ ਰੱਖੇ ਪੈਸੇ ਵੀ ਖ਼ਤਮ ਹੋ ਗਏ। ਸਾਨੂੰ ਉਸ ਕੋਲੋਂ ਇਕ ਮੋਬਾਈਲ ਫ਼ੋਨ ਮਿਲਿਆ, ਜਿਸ ਤੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਹਵਾਲੇ ਕਰ ਦਿੱਤੀ ਗਈ।"