ਮੁੰਬਈ ਦੇ ਸੰਘਣੀ ਆਬਾਦੀ ਵਾਲੇ ਧਾਰਵੀ ਝੁੱਗੀ ਬਸਤੀ ਇਲਾਕੇ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਲੱਖਾਂ ਦੀ ਆਬਾਦੀ ਵਾਲੇ ਇਸ ਧਾਰਾਵੀ ਇਲਾਕੇ 'ਚ ਹੁਣ ਤਕ ਕੋਰੋਨਾ ਵਾਇਰਸ ਦੇ 28 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਬਾਅਦ ਇਸ ਦੇ ਲਾਗ ਦਾ ਜ਼ੋਖਮ ਤੇਜ਼ੀ ਨਾਲ ਫੈਲ ਗਿਆ ਹੈ।
ਹਾਲਾਂਕਿ, ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਮੁਸਤੈਦ ਵਿਖਾਈ ਦੇ ਰਿਹਾ ਹੈ। ਧਾਰਾਵੀ 'ਚ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕ੍ਰੀਨਿੰਗ ਵੀ ਤੇਜ਼ ਕਰ ਦਿੱਤੀ ਗਈ ਹੈ।
ਦਰਅਸਲ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਧਾਰਾਵੀ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਨਿੱਚਰਵਾਰ ਨੂੰ ਕਸਤੂਰਬਾ ਹਸਪਤਾਲ ਵਿੱਚ ਇੱਕ 80 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਤੋਂ ਬਾਅਦ ਇਹ ਅੰਕੜਾ 4 ਹੋ ਗਿਆ। ਇਸ ਸਮੇਂ ਮਹਾਰਾਸ਼ਟਰ ਵਿੱਚ ਕੁਲ ਮੌਤਾਂ ਦਾ ਅੰਕੜਾ 127 ਤੱਕ ਪਹੁੰਚ ਗਿਆ ਹੈ।
ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਦੀ ਮਾਰ ਮਹਾਰਾਸ਼ਟਰ 'ਤੇ ਪਈ ਹੈ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਕੁੱਲ 2096 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਇਨ੍ਹਾਂ ਕੁੱਲ ਮਾਮਲਿਆਂ ਵਿਚੋਂ 1761 ਕੇਸ ਸਰਗਰਮ ਹਨ ਅਤੇ 208 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਾਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਸੂਬੇ ਵਿੱਚ ਹੁਣ ਤਕ 127 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਭਾਰਤ 'ਚ ਹੁਣ ਤੱਕ ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ 8356 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਤੋਂ 34 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਕੋਵਿਡ-19 ਮਹਾਂਮਾਰੀ ਨਾਲ ਦੇਸ਼ 'ਚ ਮੌਤ ਦੀ ਕੁਲ ਗਿਣਤੀ 273 ਹੋ ਗਈ ਹੈ। ਕੋਰੋਨਾ ਵਾਇਰਸ ਦੇ ਕੁਲ 8356 ਮਾਮਲਿਆਂ ਵਿਚੋਂ 7367 ਕਿਰਿਆਸ਼ੀਲ ਮਾਮਲੇ ਹਨ। ਇਸ ਤੋਂ ਇਲਾਵਾ 715 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।