ਭਾਰਤ 'ਚ ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਲੌਕਡਾਊਨ ਕੋਰੋਨਾ ਦਾ ਹੱਲ ਨਹੀਂ ਹੈ। ਇਹ ਇੱਕ ਤਰ੍ਹਾਂ ਵਿਰਾਮ (Pause) ਬਟਨ ਵਰਗਾ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ, "ਮੈਂ ਪਿਛਲੇ ਇੱਕ ਜਾਂ ਦੋ ਮਹੀਨਿਆਂ ਵਿੱਚ ਬਹੁਤ ਸਾਰੇ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ। ਲੌਕਡਾਊਨ ਕੋਰੋਨਾ ਸੰਕਟ ਦਾ ਹੱਲ ਨਹੀਂ ਹੈ। ਇਹ ਕੁਝ ਸਮੇਂ ਲਈ ਕੋਰੋਨਾ ਨੂੰ ਰੋਕ ਸਕਦਾ ਹੈ, ਪਰ ਖ਼ਤਮ ਨਹੀਂ ਕਰ ਸਕਦਾ। ਜਦੋਂ ਦੇਸ਼ ਲੌਕਡਾਊਨ ਤੋਂ ਬਾਹਰ ਆਵੇਗਾ ਤਾਂ ਇਸ ਦਾ ਪ੍ਰਭਾਵ ਦੁਬਾਰਾ ਵਿਖਾਈ ਦੇਣ ਸ਼ੁਰੂ ਹੋ ਜਾਵੇਗਾ। ਲੌਕਡਾਊਨ ਸਿਰਫ਼ ਤਿਆਰੀ ਕਰਨ ਲਈ ਸਮਾਂ ਦਿੰਦਾ ਹੈ। ਲੌਕਡਾਊਨ ਨਾਲ ਕੋਰੋਨਾ ਵਾਇਰਸ ਨੂੰ ਹਰਾਇਆ ਨਹੀਂ ਜਾ ਸਕਦਾ।
ਟੈਸਟਿੰਗ ਵਧਾਉਣੀ ਜ਼ਰੂਰੀ :
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਕਿ ਦੇਸ਼ ਵਿੱਚ ਰਣਨੀਤੀ ਦੇ ਤਹਿਤ ਟੈਸਟਿੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਟੈਸਟਾਂ ਦੀ ਗਿਣਤੀ ਵੀ ਵਧਾਈ ਜਾਣੀ ਚਾਹੀਦੀ ਹੈ। ਜੇ ਕੋਰੋਨਾ ਵਾਇਰਸ ਨਾਲ ਲੜਨਾ ਹੈ ਤਾਂ ਟੈਸਟਿੰਗ ਨੂੰ ਵੱਡੇ ਪੱਧਰ 'ਤੇ ਵਧਾਉਣਾ ਪਵੇਗਾ। ਸਾਨੂੰ ਉਨ੍ਹਾਂ ਇਲਾਕਿਆਂ 'ਚ ਵੀ ਜਾਂਚ ਕਰਨੀ ਪਵੇਗੀ, ਜਿੱਥੇ ਕੋਈ ਕੇਸ ਨਹੀਂ ਹੈ। ਰੈਂਡਮ ਟੈਸਟਿੰਗ ਦੀ ਦੇਸ਼ ਨੂੰ ਲੋੜ ਹੈ। ਇਸ ਕੋਰੋਨਾ ਵਾਇਰਸ ਵਿਰੁੱਧ ਪੂਰੇ ਦੇਸ਼ ਨੂੰ ਇਕਜੁੱਟ ਹੋਣਾ ਪਵੇਗਾ। ਰਾਹੁਲ ਗਾਂਧੀ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਖੁੱਲ੍ਹ ਕੇ ਗੱਲਬਾਤ ਕਰੋ ਅਤੇ ਉਨ੍ਹਾਂ ਦੀਆਂ ਮੰਗਾਂ ਸੁਣੋ। ਉਨ੍ਹਾਂ ਨੂੰ ਵੱਧ ਤੋਂ ਵੱਧ ਅਧਿਕਾਰ ਦਿਓ।
ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ, ਉਨ੍ਹਾਂ ਨੂੰ ਵੀ ਮੁਫ਼ਤ ਰਾਸ਼ਨ ਦਿਓ
ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਨਾਲ ਲੜਨ ਲਈ ਦੇਸ਼ ਨੂੰ ਦੋ ਮੋਰਚਿਆਂ 'ਤੇ ਵੱਧ ਕੰਮ ਕਰਨ ਦੀ ਜ਼ਰੂਰਤ ਹੈ - ਪਹਿਲਾ ਸਿਹਤ ਅਤੇ ਦੂਜਾ ਅਰਥਚਾਰਾ। ਭੋਜਨ ਦਾ ਸੇਫ਼ਟੀ ਨੈਟ ਤਿਆਰ ਕਰਨਾ ਹੋਵੇਗਾ। ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ, ਉਨ੍ਹਾਂ ਨੂੰ ਵੀ ਮੁਫ਼ਤ ਰਾਸ਼ਨ ਦਿਓ। ਨਾਲ ਹੀ ਨਿਆਂ ਸਕੀਮ ਤਹਿਤ ਪੈਸੇ ਦਿਓ, ਭਾਵੇਂ ਤੁਸੀਂ ਇਸ ਨੂੰ ਯੋਜਨਾ ਦਾ ਨਾਮ ਨਾ ਦਿਓ। ਸਿਰਫ਼ ਲੌਕਡਾਊਨ ਨਾਲ ਗੱਲ ਨਹੀਂ ਬਣੇਗੀ, ਤੁਹਾਨੂੰ ਆਪਣੀ ਤਾਕਤ ਅਤੇ ਸਰੋਤਾਂ ਦੀ ਸਹੀ ਵਰਤੋਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਕਰੋਰੋਨਾ ਨੂੰ ਲੈ ਕੇ ਦੇਸ਼ ਵਿੱਚ ਐਮਰਜੈਂਸੀ ਵਰਗੀ ਸਥਿਤੀ ਹੈ। ਦੇਸ਼ ਨੂੰ ਕੋਰੋਨਾ ਵਿਰੁੱਧ ਇਕਜੁੱਟ ਹੋ ਕੇ ਲੜਨਾ ਪਵੇਗਾ। ਲੌਕਡਾਊਨ ਨਾਲ ਗੱਲ ਨਹੀਂ ਬਣੀ ਹੈ, ਕਿਉਂਕਿ ਇਹ ਮਹਾਂਮਾਰੀ ਕੁਝ ਸਮੇਂ ਲਈ ਰੁੱਕ ਗਈ ਹੈ।
ਮੋਦੀ ਨਾਲ ਨਹੀਂ, ਵਾਇਰਸ ਨਾਲ ਲੜਨ ਦਾ ਸਮਾਂ :
ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿੱਥੇ ਕਮੀ ਰਹਿ ਗਈ, ਦੇ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਦਿਨ ਹਿੰਦੋਸਤਾਨ ਕੋਵਿਡ-19 ਨੂੰ ਹਰਾ ਦੇਵੇਗਾ, ਮੈਂ ਉਸ ਦਿਨ ਦੱਸਾਂਗਾ ਕਿ ਸਰਕਾਰ ਦੀ ਕਿੱਥੇ ਕਮੀ ਰਹਿ ਗਈ। ਅੱਜ ਮੈਂ ਉਸਾਰੂ ਸਲਾਹ ਦੇਣਾ ਚਾਹੁੰਦਾ ਹਾਂ, ਤੂੰ-ਤੂੰ ਮੈਂ-ਮੈਂ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਮੈਂ ਬਹੁਤ ਸਾਰੀਆਂ ਗੱਲਾਂ 'ਚ ਨਰਿੰਦਰ ਮੋਦੀ ਨਾਲ ਅਸਹਿਮਤ ਹੁੰਦਾ ਹਾਂ ਪਰ ਅੱਜ ਮੋਦੀ ਜੀ ਨਾਲ ਲੜਨ ਦਾ ਸਮਾਂ ਨਹੀਂ ਹੈ, ਸਗੋਂ ਇਕਜੁੱਟ ਹੋ ਕੇ ਕੋਰੋਨਾ ਵਾਇਰਸ ਨਾਲ ਲੜਨ ਦਾ ਸਮਾਂ ਹੈ।
ਜਾਤ-ਧਰਮ ਭੁੱਲ ਕੇ ਵਾਇਰਸ ਨਾਲ ਲੜਨਾ ਪਵੇਗਾ
ਰਾਹੁਲ ਗਾਂਧੀ ਨੇ ਕਿਹਾ ਕਿ ਲੌਕਡਾਊਨ ਨੂੰ ਦੇਸ਼ ਭਰ 'ਚ ਰਣਨੀਤੀ ਬਣਾ ਕੇ ਖੋਲ੍ਹਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇ ਅਸੀਂ ਬਿਮਾਰੀ ਨਾਲ ਲੜਨਾ ਚਾਹੁੰਦੇ ਹਾਂ ਤਾਂ ਭਾਰਤ ਨੂੰ ਜਾਤ ਅਤੇ ਧਰਮ ਨੂੰ ਭੁੱਲ ਕੇ ਇਕਜੁੱਟ ਹੋਣਾ ਪਵੇਗਾ। ਇਸ ਬਿਮਾਰੀ ਦੀ ਵੱਡੇ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ। ਇਸ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਇਸ ਕੋਰੋਨਾ ਵਾਇਰਸ ਨਾਲ ਡਰਨ ਦੀ ਲੋੜ ਨਹੀਂ ਹੈ। ਭਾਰਤ ਇਸ ਨਾਲ ਲੜੇਗਾ ਅਤੇ ਜਿੱਤੇਗਾ। ਇਹ ਥੋੜਾ ਮੁਸ਼ਕਲ ਜ਼ਰੂਰ ਹੈ, ਪਰ ਅਸੀਂ ਮਿਲ ਕੇ ਇਸ ਨਾਲ ਲੜਾਂਗੇ। ਭਾਰਤ ਜਾਣਦਾ ਹੈ ਕਿ ਮੁਸੀਬਤ ਨਾਲ ਕਿਵੇਂ ਲੜਨਾ ਹੈ।