ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 9,152 ਹੋ ਗਈ ਹੈ। ਇਹ ਘਾਤਕ ਵਾਇਰਸ ਹੁਣ ਤੱਕ 308 ਮਨੁੱਖੀ ਜਾਨਾਂ ਲੈ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਦੇਸ਼ ਅੰਦਰ ਕੋਰੋਨਾ ਕਰਕੇ 35 ਮੌਤਾਂ ਹੋਈਆਂ ਹਨ।
ਪਿਛਲੇ 24 ਘੰਟਿਆਂ ’ਚ 705 ਨਵੇਂ ਕੋਰੋਨਾ–ਮਰੀਜ਼ ਸਾਹਮਣੇ ਆਏ ਹਨ। ਬੀਤੀ 25 ਮਾਰਚ ਨੂੰ ਲੌਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 606 ਸੀ ਤੇ 25 ਮਾਰਚ ਨੂੰ ਹੀ ਇਸ ਗਿਣਤੀ ਵਿੱਚ 17 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਸੀ।
ਕੱਲ੍ਹ 12 ਅਪ੍ਰੈਲ ਨੂੰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 8,447 ਤੱਕ ਪੁੱਜ ਗਈ ਸੀ ਪਰ ਰੋਜ਼ਾਨਾ ਵਾਧਾ–ਦਰ ਹੁਣ ਕੁਝ ਘੱਟ 12.4 ਫੀ ਸਦੀ ਦੇ ਲਗਭਗ ਹੈ। ਰੋਗੀਆਂ ਦੀ ਗਿਣਤੀ ਨੂੰ ਜੇ ਵੇਖਿਆ ਜਾਵੇ, ਤਾਂ ਇਨ੍ਹਾਂ ਵਿੱਚ 1,300 ਫ਼ੀ ਸਦੀ ਦਾ ਵਾਧਾ ਹੋ ਚੁੱਕਾ ਹੈ।
ਮਹਾਰਾਸ਼ਟਰ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਥੇ ਪਿਛਲੇ 24 ਘੰਟਿਆਂ ਦੌਰਾਨ 221 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 22 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਮਹਾਰਾਸ਼ਟਰ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 2,000 ਦੇ ਨੇੜੇ ਪੁੱਜ ਚੁੱਕ ਚੁੱਕੀ ਹੈ ਤੇ ਹੁਣ ਤੱਕ 149 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਇਕੱਲੇ ਮੁੰਬਈ ’ਚ ਹੀ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 1,400 ਹੋ ਗਈ ਹੈ। ਇੱਥੇ 24 ਘੰਟਿਆਂ ’ਚ 16 ਜਾਨਾਂ ਗਈਆਂ ਹਨ ਤੇ ਮਰਨ ਵਾਲਿਆਂ ਦੀ ਗਿਣਤੀ 97 ਤੱਕ ਪੁੱਜ ਗਈ ਹੈ।
ਉੱਧਰ ਦਿੱਲੀ ’ਚ ਕੋਰੋਨਾ ਨਾਲ ਜੰਗ ਲੜਨ ਵਾਲੇ ਜੋਧੇ ਵੀ ਇਸ ਘਾਤਕ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ। ਏਮਜ਼ ’ਚ ਤਾਇਨਾਤ ਇੱਕ ਏਐੱਸਆਈ ਕੋਰੋਨਾ ਪਾਜ਼ਿਟਿਵ ਮਿਲਿਆ ਹੈ। ਉਹ ਸਫ਼ਦਰਜੰਗ ਪੁਲਿਸ ਥਾਣੇ ’ਚ ਤਾਇਨਾਤ ਸੀ।
ਫ਼ਿਲਹਾਲ ਉਸ ਏਐੱਸਆਈ ਦੇ ਪਰਿਵਾਰ ਦੇ ਉਨ੍ਹਾਂ ਦੇ ਸੰਪਰਕ ’ਚ ਆਏ 22 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ ਦੇ ਤਿੰਨ ਜਵਾਨ ਕੋਰੋਨਾ–ਪਾਜ਼ਿਟਿਵ ਮਿਲ ਚੁੱਕੇ ਹਨ।