ਸੋਮਵਾਰ ਨੂੰ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਲੋੜ ਪੈਣ 'ਤੇ ਵੁਹਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਤਿਆਰ ਰਹਿਣ 'ਤੇ ਵੀ ਸਹਿਮਤੀ ਦਿੱਤੀ ਗਈ। ਇਸ ਮੀਟਿੰਗ ਵਿੱਚ ਸਿਹਤ ਮੰਤਰਾਲੇ, ਵਿਦੇਸ਼ ਮੰਤਰਾਲੇ, ਸਿਵਲ ਹਵਾਬਾਜ਼ੀ, ਕਿਰਤ ਮੰਤਰਾਲੇ, ਰੱਖਿਆ ਮੰਤਰਾਲੇ ਅਤੇ ਐਨਡੀਆਰਐਫ ਦੇ ਉੱਚ ਅਧਿਕਾਰੀ ਮੌਜੂਦ ਸਨ।
ਮੀਟਿੰਗ ਵਿੱਚ ਵੁਹਾਨ ਚ ਮੌਜੂਦ ਭਾਰਤੀ ਨਾਗਰਿਕਾਂ ਦੇ ਸੰਭਾਵੀ ਨਿਕਾਸੀ ਦੀਆਂ ਤਿਆਰੀਆਂ ਮੁਕੰਮਲ ਕਰਨ ਦਾ ਫੈਸਲਾ ਲਿਆ ਗਿਆ। ਵਿਦੇਸ਼ ਮੰਤਰਾਲੇ ਜੇ ਜਰੂਰੀ ਹੋਇਆ ਤਾਂ ਚੀਨੀ ਅਧਿਕਾਰੀਆਂ ਨੂੰ ਬੇਨਤੀ ਕਰੇਗਾ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਐਤਵਾਰ ਤੱਕ 137 ਉਡਾਣਾਂ ਦੇ 29,707 ਯਾਤਰੀਆਂ ਦੀ ਜਾਂਚ ਕੀਤੀ ਗਈ। 12 ਯਾਤਰੀਆਂ ਦੇ ਨਮੂਨੇ ਜਾਂਚ ਲਈ ਐਨ.ਆਈ.ਵੀ ਪੁਣੇ ਭੇਜੇ ਗਏ ਸਨ, ਜਿਸ ਚ ਕੋਈ ਵੀ ਸੰਕਰਮਿਤ ਨਹੀਂ ਪਾਇਆ ਗਿਆ। ਦੂਜੇ ਪਾਸੇ, ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਚ ਨਿਗਰਾਨੀ ਵਧਾ ਦਿੱਤੀ ਗਈ ਹੈ। ਪੱਛਮੀ ਬੰਗਾਲ ਦੇ ਪਾਨੀਟੰਕੀ ਅਤੇ ਉਤਰਾਖੰਡ ਦੇ ਝੂਲਾਘਾਟ ਅਤੇ ਜੌਲਜੀਬੀ ਵਿਖੇ ਨੇਪਾਲ ਨਾਲ ਲੱਗਦੇ ਇਲਾਕਿਆਂ ਚ ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਉਹ ਵੁਹਾਨ ਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ।
ਮੁੱਖ ਮੰਤਰੀ ਨੇ ਸੂਬੇ ਤੋਂ ਡਾਕਟਰੀ ਪੇਸ਼ੇਵਰਾਂ ਦੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦੱਖਣੀ-ਪੂਰਬੀ ਏਸ਼ੀਆ ਦੀ ਖੇਤਰੀ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਖੇਤਰ ਦੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਚੌਕਸੀ ਬਣਾਈ ਰੱਖਣ।‘