ਕੋਰੋਨਾ ਵਾਇਰਸ ਕਾਰਨ ਦੁਨੀਆ ’ਚ ਸਭ ਤੋਂ ਵੱਧ ਮੌਤਾਂ ਅਮਰੀਕਾ ’ਚ ਹੋਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ’ਚ 1,237 ਵਿਅਕਤੀਆਂ ਦੀ ਜਾਨ ਗਈ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 90,113 ਹੋ ਗਈ ਹੈ। ਹੁਣ ਤੱਕ ਇਸ ਦੇਸ਼ ਵਿੱਚ 15 ਲੱਖ 7 ਹਜ਼ਾਰ 733 ਵਿਅਕਤੀ ਕੋਰੋਨਾ–ਪਾਜ਼ਿਟਿਵ ਦਰਜ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਲਾਤੀਨੀ ਅਮਰੀਕਾ ਦੇ ਦੇਸ਼ ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੀ ਲਾਗ ਦੇ 4,654 ਨਵੇਂ ਮਾਮਲੇ ਆਉਣ ਨਾਲ ਇਸ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 2 ਲੱਖ 22 ਹਜ਼ਾਰ 877 ਹੋ ਗਈ ਹੈ।
ਬ੍ਰਾਜ਼ੀਲ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਕਾਰਨ 119 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 15,046 ਹੋ ਗਈ ਹੈ।
ਦੁਨੀਆ ਦੇ ਹੋਰ ਦੇਸ਼ਾਂ ਦੀ ਗੱਲ ਕਰੀਏ, ਤਾਂ ਰੂਸ ’ਚ ਵੀ ਇਸ ਮਹਾਮਾਰੀ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਉੱਥੇ 9,200 ਨਵੇਂ ਮਾਮਲੇ ਸਾਹਮਣੇ ਆਏ।
ਦੇਸ਼ ਵਿੱਚ ਹੁਣ ਤੱਕ 2.72 ਲੱਖ ਤੋਂ ਵੱਧ ਵਿਅਕਤੀ ਇਸ ਦੀ ਲਪੇਟ ’ਚ ਆ ਚੁੱਕੇ ਹਨ ਤੇ 2,537 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਮਾਸਕੋ ’ਚ ਲਗਭਗ 2,000 ਵਿਅਕਤੀਆਂ ਨੇ ਆਪਣੀ ਮਰਜ਼ੀ ਨਾਲ ਕੋਰੋਨਾ ਦਾ ਟੈਸਟ ਕਰਵਾਇਆ ਹੈ।
ਯੂਰੋਪੀਅਨ ਮਹਾਂਦੀਪ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਤੋਂ 17.60 ਲੱਖ ਤੋਂ ਵੱਧ ਵਿਅਕਤੀ ਪ੍ਰਭਾਵਿਤ ਹੋਏ ਹਨ। ਇਸ ਮਹਾਂਦੀਪ ਵਿੱਚ ਸਪੇਨ 2,76,505 ਮਾਮਲਿਆਂ ਨਾਲ ਸਭ ਤੋਂ ਅੱਗੇ ਹੈ।
ਯੂਰੋਪ ’ਚ ਮੌਤ ਦੇ ਮਾਮਲੇ ਵਿੱਚ ਇੰਗਲੈਂਡ 34,466 ਮੌਤਾਂ ਨਾਲ ਪਹਿਲੇ ਅਤੇ ਕੁੱਲ ਮਿਲਾ ਕੇ ਦੁਨੀਆ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ਉੱਤੇ ਹੈ। ਇਟਲੀ ’ਚ ਹੁਦ ਤੱਕ 31,763 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 2.24 ਲੱਖ ਤੋਂ ਵੱਧ ਵਿਅਕਤੀ ਇਸ ਲਾਗ ਦੀ ਲਪੇਟ ਵਿੱਚ ਆ ਚੁੱਕੇ ਹਨ।