ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ 'ਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 21 ਦਿਨਾਂ ਦਾ ਲੌਕਡਾਊਨ (ਤਾਲਾਬੰਦੀ) ਲਾਗੂ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ। ਲੌਕਡਾਊਨ ਕਾਰਨ ਟਰੇਨਾਂ, ਬੱਸਾਂ ਅਤੇ ਜਨਤਕ ਟਰਾਂਸਪੋਰਟ ਬੰਦ ਹਨ। ਇੱਥੋਂ ਤਕ ਕਿ ਲਾਸ਼ ਢੋਹਣ ਲਈ ਐਂਬੁਲੈਂਸ ਜਾਂ ਗੱਡੀ ਵੀ ਨਹੀਂ ਮਿਲ ਰਹੀ। ਅਜਿਹੇ 'ਚ ਲੋਕ ਕਈ ਕਿਲੋਮੀਟਰ ਪੈਦਲ ਚੱਲ ਕੇ ਅੰਤਮ ਸਸਕਾਰ ਕਰਨ ਨੂੰ ਮਜਬੂਰ ਹਨ।
ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ 'ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਗੋਰਨਤਲਾ ਪਿੰਡ 'ਚ ਲੌਕਡਾਊਨ ਕਾਰਨ 38 ਸਾਲਾ ਪਿਤਾ ਨੂੰ ਆਪਣੇ 5 ਸਾਲ ਦੇ ਬੇਟੇ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਕੇ 88 ਕਿਲੋਮੀਟਰ ਪੈਦਲ ਤੁਰਨਾ ਪਿਆ। ਇਹ ਘਟਨਾ ਲੌਕਡਾਊਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਦੀ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਦੀ ਰਾਤ ਨੂੰ 8 ਵਜੇ ਦੇਸ਼ ਨੂੰ ਸੰਬੋਧਿਤ ਕੀਤਾ ਸੀ ਅਤੇ ਉਸੇ ਰਾਤ 12 ਵਜੇ ਤੋਂ ਦੇਸ਼ ਵਿੱਚ 21 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਸੀ।
ਕੀ ਹੈ ਪੂਰਾ ਮਾਮਲਾ ?
ਮਨਚਲਾ ਮਨੋਹਰ ਇੱਕ ਦਿਹਾੜੀਦਾਰ ਮਜ਼ਦੂਰ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੰਜ ਸਾਲਾ ਬੇਟੇ ਦੇਵਾ ਨੂੰ ਬੁਖਾਰ ਸੀ ਅਤੇ ਗਲੇ 'ਚ ਇਨਫ਼ੈਕਸ਼ਨ ਵੀ ਸੀ। ਮਨੋਹਰ ਪਹਿਲਾਂ ਬੇਟੇ ਨੂੰ ਸਥਾਨਕ ਹਸਪਤਾਲ ਲੈ ਗਿਆ, ਪਰ ਹਾਲਤ ਵਿਗੜਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਹਿੰਦੂਪੁਰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ।
ਬੀਤੇ ਬੁੱਧਵਾਰ 25 ਮਾਰਚ ਨੂੰ ਬੱਚੇ ਦੀ ਸਿਹਤ ਹੋਰ ਵਿਗੜ ਗਈ। ਉਸ ਦੇ ਨੱਕ ਤੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਬੱਚੇ ਦੀ ਕੁਝ ਹੀ ਘੰਟਿਆਂ ਵਿੱਚ ਮੌਤ ਹੋ ਗਈ। ਕਰਫਿਊ ਕਾਰਨ ਕੋਈ ਗੱਡੀ ਨਹੀਂ ਚੱਲ ਰਹੀ ਸੀ। ਅਜਿਹੀ ਸਥਿਤੀ 'ਚ ਮਨੋਹਰ ਬੇਟੇ ਦੀ ਲਾਸ਼ ਨੂੰ ਆਪਣੇ ਮੋਢੇ 'ਤੇ ਚੁੱਕ ਕੇ 88 ਕਿਲੋਮੀਟਰ ਪੈਦਲ ਚੱਲ ਕੇ ਚਿੱਤਰਵਤੀ ਨਦੀ 'ਤੇ ਪਹੁੰਚਿਆ, ਜਿੱਥੇ ਅੰਤਮ ਸਸਕਾਰ ਕੀਤੀ ਗਿਆ।