ਅਯੁੱਧਿਆ 'ਚ 2 ਅਪ੍ਰੈਲ ਤਕ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਐਂਟਰੀ ਨਹੀਂ ਮਿਲੇਗੀ। ਰਾਮਨਵਮੀ ਮੇਲੇ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਬਾਹਰੀ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਨੂੰ ਅਯੁੱਧਿਆ ਦੇ ਬਾਰਡਰ 'ਤੇ ਰੋਕ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਰਾਮਨਵਮੀ ਦਾ ਮੇਲਾ 25 ਮਾਰਚ ਤੋਂ ਅਯੁੱਧਿਆ 'ਚ ਸ਼ੁਰੂ ਹੋਣ ਜਾ ਰਿਹਾ ਹੈ। ਇਸ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ। ਦੂਜੇ ਪਾਸੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਕੋਰੋਨਾ ਵਾਇਰਸ ਕਾਰਨ ਨਵਰਾਤਰੀ ਦੇ ਨਾਲ-ਨਾਲ ਰਾਮਨਵਮੀ ਮੇਲੇ ਤੋਂ ਗੁਰੇਜ਼ ਕਰਨ।
ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਦੇ ਉੱਤਰਾਧਿਕਾਰੀ ਮਹੰਤ ਕਮਲ ਨਯਨ ਦਾਸ ਨੇ ਸਨਿੱਚਰਵਾਰ ਨੂੰ ਇੱਥੇ ਮਨੀਰਾਮ ਛਾਉਣੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਨਰਾਤੇ ਦੀ ਪੂਜਾ ਆਪਣੇ ਘਰਾਂ ਅੰਦਰ ਹੀ ਕਰਨ। ਨਰਾਤੇ ਅਤੇ ਰਾਮਨਵਮੀ ਮੌਕੇ ਅਯੁੱਧਿਆ 'ਚ ਸ਼ਰਧਾਲੂਆਂ ਦੀ ਭੀੜ ਨਹੀਂ ਹੋਣੀ ਚਾਹੀਦੀ।
ਇਸੇ ਤਰ੍ਹਾਂ ਦੀ ਅਪੀਲ ਟਰੱਸਟ ਦੇ ਜਨਰਲ ਸਕੱਤਰ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਉਪ ਪ੍ਰਧਾਨ ਚੰਪਤ ਰਾਏ ਨੇ ਵੀ ਕੀਤੀ ਹੈ। ਸ੍ਰੀ ਰਾਏ ਨੇ ਕਿਹਾ ਹੈ ਕਿ ਅਯੁੱਧਿਆ ਆਉਣ ਦੀ ਬਜਾਏ ਸ਼ਰਧਾਲੂਆਂ ਨੂੰ ਰਾਮਨਵਮੀ ਦੇ ਤਿਉਹਾਰ ਮੌਕੇ ਆਪਣੇ ਘਰਾਂ 'ਚ ਪੂਜਾ ਕਰਨੀ ਚਾਹੀਦੀ ਹੈ। ਅਯੁੱਧਿਆ 'ਚ ਰਾਮਨਵਮੀ ਮੇਲੇ 'ਤੇ ਲੱਖਾਂ ਸ਼ਰਧਾਲੂਆਂ ਦਾ ਇਕੱਠ ਹੋਣਾ ਕੋਰੋਨਾ ਦੀ ਲਾਗ ਦੇ ਜ਼ੋਖਮ ਨੂੰ ਵਧਾਏਗਾ।