ਦੇਸ਼ 'ਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਮੰਗਲਵਾਰ 24 ਮਾਰਚ ਦੇਰ ਰਾਤ ਤੋਂ ਘਰੇਲੂ ਉਡਾਣਾਂ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਘਰੇਲੂ ਉਡਾਣਾਂ ਦੇ ਯਾਤਰੀਆਂ ਨੂੰ ਮੰਗਲਵਾਰ (24 ਮਾਰਚ) ਦੇਰ ਰਾਤ 11.59 ਵਜੇ ਤਕ ਆਪਣੀ ਮੰਜ਼ਿਲ 'ਤੇ ਛੱਡਣਾ ਹੋਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਘਰੇਲੂ ਕਾਰਗੋ ਜਹਾਜ਼ਾਂ ਦਾ ਸੰਚਾਲਨ ਆਮ ਦਿਨਾਂ ਦੀ ਤਰ੍ਹਾਂ ਜਾਰੀ ਰਹੇਗਾ। ਮੰਤਰਾਲੇ ਨੇ ਕਿਹਾ ਕਿ ਬੁੱਧਵਾਰ 25 ਮਾਰਚ ਤੋਂ ਭਾਰਤ 'ਚ ਕੋਈ ਘਰੇਲੂ ਵਪਾਰਕ ਉਡਾਣ ਸੇਵਾ ਨਹੀਂ ਚੱਲੇਗੀ।
ਦੱਸ ਦੇਈਏ ਕਿ ਦੇਸ਼ ਵਿੱਚ ਰੋਜ਼ਾਨਾ 6500 ਦੇ ਕਰੀਬ ਘਰੇਲੂ ਉਡਾਣਾਂ ਹੁੰਦੀਆਂ ਹਨ ਅਤੇ ਹਰ ਸਾਲ 144.17 ਮਿਲੀਅਨ ਯਾਤਰੀ ਸਫ਼ਰ ਕਰਦੇ ਹਨ। ਕੋਰੋਨਾ ਵਾਇਰਸ ਦੇਸ਼ 'ਚ ਤਬਾਹੀ ਮਚਾ ਰਿਹਾ ਹੈ। ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 434 ਹੈ। ਇਕੱਲੇ 24 ਘੰਟਿਆਂ ਵਿੱਚ ਹੀ 50 ਤੋਂ ਵੱਧ ਨਵੇਂ ਮਰੀਜ਼ ਆ ਚੁੱਕੇ ਹਨ ਅਤੇ 4 ਮੌਤਾਂ ਹੋ ਚੁੱਕੀਆਂ ਹਨ।
ਦਿੱਲੀ, ਰਾਜਸਥਾਨ, ਬਿਹਾਰ, ਉਤਰਾਖੰਡ, ਛੱਤੀਸਗੜ੍ਹ, ਝਾਰਖੰਡ, ਜੰਮੂ-ਕਸ਼ਮੀਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ 31 ਮਾਰਚ ਤੱਕ ਲਾਕਡਾਊਨ ਹੈ। ਪੰਜਾਬ ਅਤੇ ਮਹਾਰਾਸ਼ਟਰ 'ਚ ਕਰਫ਼ਿਊ ਲਗਾ ਦਿੱਤਾ ਗਿਆ ਹੈ।