ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਪਹਿਲੀ ਵਾਰ ਦੇਸ਼ 'ਚ 24 ਘੰਟੇ ਦੇ ਅੰਦਰ 300 ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ ਇੱਕ ਦਿਨ ਦੇ ਅੰਦਰ 300 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 6575 ਹੋ ਗਈ ਹੈ।
ਦੁਨੀਆਂ 'ਚ ਕੋਰੋਨਾ ਵਾਇਰਸ ਨਾਲ ਮਰ ਰਹੇ ਲੋਕਾਂ ਦੇ ਮੁਕਾਬਲੇ ਭਾਰਤ 'ਚ ਘੱਟ ਮੌਤਾਂ ਹੋਈਆਂ ਹਨ। ਕੋਰੋਨਾ ਵਾਇਰਸ ਕਾਰਨ ਦੁਨੀਆਂ 'ਚ ਮੌਤ ਦੀ ਦਰ 5.8% ਹੈ, ਪਰ ਭਾਰਤ 'ਚ ਕੋਵਿਡ-19 ਨਾਲ ਮੌਤ ਦਰ ਹਾਲੇ 2.8% ਹੈ। ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ।
ਪਿਛਲੇ 7 ਦਿਨਾਂ ਵਿੱਚ ਭਾਰਤ 'ਚ ਔਸਤਨ 239 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਰਹੀ ਹੈ। ਇਹ ਪਿਛਲੇ ਹਫ਼ਤੇ ਨਾਲੋਂ 33% ਵੱਧ ਹੈ। ਪਿਛਲੇ ਹਫ਼ਤੇ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਔਸਤ ਗਿਣਤੀ 179 ਸੀ।
ਵੀਰਵਾਰ ਨੂੰ ਦੇਸ਼ 'ਚ ਲਗਭਗ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ 9 ਹਜ਼ਾਰ ਕੋਰੋਨਾ ਪਾਜ਼ੀਟਿਵ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਸ਼ੁੱਕਰਵਾਰ ਨੂੰ 9398, ਵੀਰਵਾਰ ਨੂੰ 9962 ਅਤੇ ਬੁੱਧਵਾਰ ਨੂੰ 9565 ਮਾਮਲੇ ਦਰਜ ਕੀਤੇ ਗਏ ਸਨ। ਇਸ ਤਰ੍ਹਾਂ ਸ਼ੁੱਕਰਵਾਰ ਤਕ ਭਾਰਤ ਵਿੱਚ ਕੋਵਿਡ-19 ਦੇ ਕੁਲ ਮਰੀਜ਼ਾਂ ਦੀ ਗਿਣਤੀ 2,36,037 ਹੋ ਗਈ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਸਮੇਂ 'ਚ ਲੌਕਡਾਊਨ ਲਾਗੂ ਕੀਤੇ ਜਾਣ ਕਾਰਨ ਕੋਰੋਨਾ ਦੇ ਮਾਮਲੇ ਕੁਝ ਘੱਟ ਹਨ। ਜੇ ਲੌਕਡਾਊਨ ਲਾਗੂ ਨਾ ਕੀਤਾ ਜਾਂਦਾ ਤਾਂ ਮਾਮਲਿਆਂ ਦੀ ਗਿਣਤੀ ਕਿਤੇ ਵੱਧ ਹੁੰਦੀ। ਹਾਲਾਂਕਿ ਪਿਛਲੇ ਦਿਨੀਂ ਲੌਕਡਾਊਨ 'ਚ ਛੋਟ ਅਤੇ ਅਨਲੌਕ-1 ਦੇ ਐਲਾਨ ਮਗਰੋਂ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਕੋਰੋਨਾ ਕੇਸਾਂ ਵਿੱਚ ਤੇਜ਼ੀ ਆਉਣ ਵਾਲੀ ਹੈ। ਜੂਨ-ਜੁਲਾਈ ਦੇ ਮਹੀਨੇ ਵਿੱਚ ਕੋਰੋਨਾ ਦੇ ਕੇਸ ਉੱਚਾਈ 'ਤੇ ਹੋਣਗੇ। ਇਸ ਤੋਂ ਬਾਅਦ ਨਵੇਂ ਮਾਮਲਿਆਂ ਵਿੱਚ ਕੁਝ ਕਮੀ ਆ ਸਕਦੀ ਹੈ।