ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਇਟਲੀ 'ਚ ਇਸ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ। ਇਟਲੀ 'ਚ ਇਸ ਵਾਇਰਸ ਕਾਰਨ 10,779 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਬੀਤੇ ਦਿਨੀਂ ਐਤਵਾਰ ਨੂੰ ਹੀ 756 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇੱਥੇ 97,000 ਤੋਂ ਵੱਧ ਲੋਕ ਇਸ ਲਾਗ ਦੀ ਲਪੇਟ 'ਚ ਹਨ ਅਤੇ ਲਗਭਗ 4000 ਲੋਕ ਅਜੇ ਵੀ ਵੈਂਟੀਲੇਟਰਾਂ 'ਤੇ ਹਨ।
ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਟਲੀ ਦੇ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਦੇਸ਼ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਦੇਸ਼ 'ਚ ਲੌਕਡਾਊਨ ਕਾਫ਼ੀ ਲੰਮੇ ਸਮੇਂ ਤੱਕ ਚਲ ਸਕਦਾ ਹੈ।
ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੌਂਟੇ ਦੀ ਸਰਕਾਰ ਨੇ ਇਟਾਲੀਅਨ ਲੋਕਾਂ ਨੂੰ 'ਬਹੁਤ ਲੰਮੇ' ਸਮੇਂ ਤਕ ਲੌਕਡਾਊਨ ਲਈ ਤਿਆਰ ਰਹਿਣ ਲਈ ਕਿਹਾ ਹੈ। ਐਤਵਾਰ ਨੂੰ ਸਰਕਾਰ ਨੇ ਕਿਹਾ ਕਿ ਵਿੱਤੀ ਮੁਸ਼ਕਲਾਂ ਅਤੇ ਨਿਯਮਿਤ ਰੁਕਾਵਟ ਦੀ ਪ੍ਰੇਸ਼ਾਨੀ ਦੇ ਕਾਰਨ ਬੰਦ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ। ਮੰਤਰੀਆਂ ਅਤੇ ਸਿਹਤ ਅਧਿਕਾਰੀਆਂ ਵੱਲੋਂ ਇਹ ਸੰਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਇਟਲੀ 'ਚ ਵਾਇਰਸ ਦਾ ਪ੍ਰਕੋਪ ਘੱਟ ਹੁੰਦਾ ਪ੍ਰਤੀਤ ਨਜ਼ਰ ਆ ਰਿਹਾ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਟਲੀ 'ਚ ਕੋਰੋਨਾ ਵਾਇਰਸ ਦੀ ਲਾਗ ਆਪਣੇ ਸਿਖਰ ਨੂੰ ਪਾਰ ਕਰ ਚੁੱਕੀ ਹੈ ਅਤੇ ਹੁਣ ਇਸ ਦੇ ਕੇਸ ਘੱਟਣੇ ਸ਼ੁਰੂ ਹੋ ਜਾਣਗੇ। ਬੀਤੇ ਸ਼ੁੱਕਰਵਾਰ ਤੋਂ ਅਜਿਹਾ ਨਜ਼ਰ ਆ ਰਿਹਾ ਹੈ ਅਤੇ ਕੋਰੋਨਾ ਵਾਇਰਸ ਦੀ ਲਾਗ ਦੀ ਦਰ ਹੇਠਾਂ ਆਈ ਹੈ। ਇਹ ਪਹਿਲੀ ਵਾਰ 6 ਫ਼ੀਸਦੀ ਤੋਂ ਘੱਟ ਹੋਈ ਹੈ। ਹਾਲਾਂਕਿ, ਸਰਕਾਰ ਦਾ ਪੂਰਾ ਧਿਆਨ ਲੌਕਡਾਊਨ ਖ਼ਤਮ ਹੋਣ ਦੀ ਅੰਤਮ ਮਿਤੀ 3 ਅਪ੍ਰੈਲ 'ਤੇ ਹੈ।
ਖੇਤਰੀ ਮਾਮਲਿਆਂ ਬਾਰੇ ਮੰਤਰੀ ਫ੍ਰਾਂਸਿਸਕੋਬੋ ਨੇ ਇਟਲੀ ਦੇ ਸਕਾਈ ਟੀਜੀ24 ਟੈਲੀਵੀਜ਼ਨ ਨੂੰ ਦੱਸਿਆ, "3 ਅਪ੍ਰੈਲ ਤੋਂ ਬਾਅਦ ਵੀ ਬੰਦ ਦੀ ਤਰੀਕ ਵਧਾਈ ਜਾਵੇਗੀ। ਮੇਰਾ ਮੰਨਣਾ ਹੈ ਕਿ ਇਸ ਸਮੇਂ ਲੌਕਡਾਊਨ ਨੂੰ ਖਤਮ ਕਰਨ ਬਾਰੇ ਗੱਲ ਕਰਨਾ ਅਣਉੱਚਿਤ ਤੇ ਗੈਰ ਜ਼ਿੰਮੇਵਾਰਾਨਾ ਹੈ। ਇਟਲੀ 'ਚ ਲਗਭਗ ਹਰ ਕਿਸਮ ਦੀਆਂ ਵਪਾਰਕ ਗਤੀਵਿਧੀਆਂ ਮਹਾਂਮਾਰੀ ਦੇ ਫੈਲਣ ਕਾਰਨ ਬੰਦ ਹੋ ਗਈਆਂ ਹਨ। ਉਪ ਵਿੱਤ ਮੰਤਰੀ ਲਾਰਾ ਕਾਸੇਲੀ ਨੇ ਕਿਹਾ ਕਿ 25 ਬਿਲੀਅਨ ਦੇ ਸ਼ੁਰੂਆਤੀ ਬਚਾਅ ਪੈਕੇਜ਼ ਨੂੰ ਚੌਗੁਣਾ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਘੱਟੋ-ਘੱਟ 100 ਬਿਲੀਅਨ ਯੂਰੋ ਦੀ ਜ਼ਰੂਰਤ ਪੈ ਸਕਦੀ ਹੈ।"