ਚੀਨ ਤੋਂ ਫੈਲਿਆ ਕੋਰੋਨਾ ਵਾਇਰਸ ਹੁਣ ਪੂਰੇ ਵਿਸ਼ਵ ਦੇ ਨਾਲ ਨਾਲ ਭਾਰਤ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਅਤੇ ਸ਼ਨਿੱਚਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 84 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ ਦਿੱਲੀ ਅਤੇ ਕਰਨਾਟਕ ਵਿੱਚ ਇਕ-ਇਕ ਵਿਅਕਤੀ ਦੀ ਮੌਤ ਦੇ ਮਾਮਲੇ ਸ਼ਾਮਲ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਜਾਂਚ ਵਿੱਚ ਪਾਜੀਟਿਵ ਪਾਏ ਗਏ 84 ਵਿਅਕਤੀਆਂ ਦੇ ਸੰਪਰਕ ਵਿੱਚ ਆਏ 4,000 ਤੋਂ ਵੱਧ ਲੋਕਾਂ ਨੂੰ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਜਾਂਚ ਵਿੱਚ ਪਾਜੀਟਿਵ ਪਾਏ ਗਏ 7 ਵਿਅਕਤੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸਾਊਦੀ ਅਰਬ ਤੋਂ ਵਾਪਸ ਪਰਤੇ ਕਲਬੁਰਗੀ ਦੇ ਇੱਕ 76 ਸਾਲਾ ਵਿਅਕਤੀ ਵੀਰਵਾਰ ਨੂੰ ਮੌਤ ਹੋ ਗਈ ਸੀ, ਜਦਕਿ ਕੋਰੋਨਾ ਵਾਇਰਸ ਨਾਲ ਪੀੜਤ ਦਿੱਲੀ ਦੀ 68 ਸਾਲਾ ਇੱਕ ਮਹਿਲਾ ਦੀ ਸ਼ੁੱਕਰਵਾਰ ਦੀ ਰਾਤ ਨੂੰ ਰਾਮ ਮਨੋਹਰ ਲੋਹੀਆ (ਆਰਐਮਐਲ) ਹਸਪਤਾਲ ਵਿੱਚ ਮੌਤ ਹੋ ਗਈ। ਸਿਹਤ ਮੰਤਰਾਲੇ ਨੇ ਦੱਸਿਆ ਔਰਤ ਦਾ ਪੁੱਤਰ ਵਿਦੇਸ਼ ਤੋਂ ਆਇਆ ਸੀ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਸੀ। ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਔਰਤ ਦੀ ਮੌਤ ਹੋ ਗਈ।
ਹੁਣ ਤੱਕ ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਸੱਤ ਅਤੇ ਉੱਤਰ ਪ੍ਰਦੇਸ਼ ਵਿੱਚ 11 ਮਾਮਲੇ ਸਾਹਮਣੇ ਆਏ ਹਨ। ਕਰਨਾਟਕ ਵਿੱਚ ਕੋਰੋਨਾ ਵਾਇਰਸ ਦੇ ਛੇ ਮਰੀਜ਼ ਹਨ, ਮਹਾਰਾਸ਼ਟਰ ਵਿੱਚ 14 ਅਤੇ ਲੱਦਾਖ ਵਿੱਚ ਤਿੰਨ। ਇਸ ਤੋਂ ਇਲਾਵਾ ਰਾਜਸਥਾਨ, ਤੇਲੰਗਾਨਾ, ਤਾਮਿਲਨਾਡੂ, ਜੰਮੂ ਕਸ਼ਮੀਰ, ਆਂਧਰਾ ਪ੍ਰਦੇਸ਼ ਅਤੇ ਪੰਜਾਬ ਤੋਂ ਇਕ-ਇਕ ਕੇਸ ਸਾਹਮਣੇ ਆਇਆ ਹੈ।
ਕੇਰਲ ਵਿੱਚ ਕੋਰੋਨਾ ਵਾਇਰਸ ਦੇ 19 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਤਿੰਨ ਮਰੀਜ਼ਾਂ ਨੂੰ ਪਿਛਲੇ ਮਹੀਨੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ 84 ਪੁਸ਼ਟੀ ਮਾਮਲਿਆਂ ਵਿੱਚ 17 ਵਿਦੇਸ਼ੀ ਨਾਗਰਿਕ ਸ਼ਾਮਲ ਸਨ। ਇਨ੍ਹਾਂ ਵਿੱਚ ਇਟਲੀ ਦੇ 16 ਸੈਲਾਨੀ ਅਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਲ ਹੈ।
.....