ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਮਹਾਰਾਸ਼ਟਰ ਸਭ ਤੋਂ ਪ੍ਰਭਾਵਿਤ ਹੈ। ਮਹਾਰਾਸ਼ਟਰ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 2,000 ਦੇ ਨੇੜੇ ਪੁੱਜ ਚੁੱਕ ਚੁੱਕੀ ਹੈ ਤੇ ਹੁਣ ਤੱਕ 149 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉੱਥੇ ਹੀ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਧਾਰਾਵੀ 'ਚ ਕੋਰੋਨਾ ਮਰੀਜ਼ਾਂ ਦੇ ਨਵੇਂ ਕੇਸਾਂ ਨੇ ਊਧਵ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।
ਮੁੰਬਈ ਦੇ ਧਾਰਾਵੀ 'ਚ ਕੋਰੋਨਾ ਵਾਇਰਸ ਦੀ ਲਾਗ ਨਾਲ ਇੱਕ ਵਿਅਕਤੀ ਦੀ ਮੌਤ ਸਮੇਤ ਅੱਜ 4 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਸ ਨਾਲ ਇਸ ਝੁੱਗੀ-ਬਸਤੀ 'ਚ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 47 ਹੋ ਗਈ ਹੈ। ਬ੍ਰਹਿਮੁੰਬਈ ਮਹਾਨਗਰ ਪਾਲਿਕਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਾਰਾਵੀ ਵਿੱਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ।
ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਮਦੀਨਾ ਨਗਰ, ਜਨਤਾ ਕੋ-ਆਪ੍ਰੇਟਿਵ ਹਾਊਸਿੰਗ ਸੁਸਾਇਟੀ ਅਤੇ ਗੁਲਮੋਹਰ ਚਾਲ 'ਚ ਸਾਹਮਣੇ ਆਏ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ 60 ਸਾਲਾ ਇੱਕ ਵਿਅਕਤੀ ਦੀ ਸਿਓਨ ਹਸਪਤਾਲ 'ਚ ਮੌਤ ਹੋਈ। ਉਸ ਦੇ ਸੈਂਪਲਾਂ ਦੀ ਜਾਂਚ ਤੋਂ ਬਾਅਦ ਉਸ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਈ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਏਸ਼ੀਆ ਦੇ ਸਭ ਤੋਂ ਵੱਡੇ ਸਲੱਮ ਖੇਤਰ ਧਾਰਾਵੀ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ 47 ਮਾਮਲੇ ਸਾਹਮਣੇ ਆਏ ਹਨ।
ਦੱਸ ਦੇਈਏ ਕਿ ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 9,152 ਹੋ ਗਈ ਹੈ। ਇਹ ਘਾਤਕ ਵਾਇਰਸ ਹੁਣ ਤੱਕ 308 ਮਨੁੱਖੀ ਜਾਨਾਂ ਲੈ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਦੇਸ਼ ਅੰਦਰ ਕੋਰੋਨਾ ਕਰਕੇ 35 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ’ਚ 705 ਨਵੇਂ ਕੋਰੋਨਾ–ਮਰੀਜ਼ ਸਾਹਮਣੇ ਆਏ ਹਨ।