ਦਿੱਲੀ ਦੇ ਨਿਜ਼ਾਮੂਦੀਨ ਸਥਿੱਤ ਤਬਲੀਗੀ ਜ਼ਮਾਤ ਦੀ ਮਰਕਜ਼ ਦੇ ਲੋਕਾਂ ਨਾਲ ਦੇਸ਼ 'ਚ ਕੋਰੋਨਾ ਪੀੜਤਾਂ ਦੇ ਮਾਮਲੇ 4 ਦਿਨ 'ਚ ਦੁਗਣਾ ਹੋ ਗਏ ਹਨ। ਸਿਹਤੇ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 4.1 ਦਿਨਾਂ ਦੇ ਅੰਦਰ-ਅੰਦਰ ਦੁਗਣੀ ਹੋ ਗਈ ਹੈ, ਜਦੋਂਕਿ ਆਮ ਸਥਿਤੀ 'ਚ ਇਹ 7.4 ਦਿਨਾਂ 'ਚ ਹੋਣੀ ਸੀ।
ਸੰਯੁਕਤ ਸਕੱਤਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਦਾ ਦੌਰ ਜਾਰੀ ਹੈ। ਹੁਣ ਤੱਕ ਦੇਸ਼ ਦੇ 274 ਜ਼ਿਲ੍ਹੇ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ, ਜਦਕਿ ਲੌਕਡਾਊਨ ਤੋਂ ਪਹਿਲਾਂ ਲਗਭਗ 75 ਜ਼ਿਲ੍ਹਿਆਂ ਵਿੱਚ ਵਾਇਰਸ ਦੇ ਕੇਸ ਸਾਹਮਣੇ ਆਏ ਸਨ। ਮਤਲਬ ਇਹ ਲਾਗ 12 ਦਿਨਾਂ 'ਚ 199 ਹੋਰ ਜ਼ਿਲ੍ਹਿਆਂ ਵਿੱਚ ਫੈਲ ਗਈ ਹੈ।
ਲਵ ਅਗਰਵਾਲ ਨੇ ਕਿਹਾ, "ਸਰਕਾਰ ਲਾਗ ਨੂੰ ਰੋਕਣ ਲਈ ਲੌਕਡਾਊਨ ਨੂੰ ਪ੍ਰਭਾਵਸ਼ਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਲਗਾਤਾਰ ਸਮੀਖਿਆ ਕਰ ਰਹੀ ਹੈ। ਇਸ ਦਿਸ਼ਾ 'ਚ ਐਤਵਾਰ ਨੂੰ ਕੈਬਨਿਟ ਸਕੱਤਰ ਨੇ ਸੂਬਾ ਸਰਕਾਰਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਪੁਲਿਸ ਸੁਪਰਡੈਂਟਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਕ ਮੀਟਿੰਗ ਕੀਤੀ।
ਪੀਪੀਈ ਕਿੱਟਾਂ ਦਾ ਉਤਪਾਦਨ ਸ਼ੁਰੂ :
ਮੈਡੀਕਲ ਕਰਮਚਾਰੀਆਂ ਦੀ ਸੁਰੱਖਿਆ ਲਈ ਵਰਤੀ ਜਾਂਦੀ ਪੀਪੀਈ ਕਿੱਟਾਂ ਦੀ ਸੂਬਿਆਂ 'ਚ ਕਮੀ ਦੇ ਸਵਾਲ ਉੱਤੇ ਸੰਯੁਕਤ ਸਕੱਤਰ ਨੇ ਕਿਹਾ ਕਿ ਪੀਪੀਈ ਦਾ ਘਰੇਲੂ ਉਤਪਾਦਨ ਇਸ ਸਾਲ ਜਨਵਰੀ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਦੀ ਉਪਲੱਬਧਤਾ ਨੂੰ ਮੰਗ ਦੇ ਅਨੁਸਾਰ ਬਣਾਈ ਰੱਖਣ ਲਈ ਵਿਦੇਸ਼ਾਂ ਤੋਂ ਵੀ ਦਰਾਮਦ ਕੀਤੀ ਜਾ ਰਹੀ ਹੈ।
ਰੈਪਿਡ ਟੈਸਟ ਕਿੱਟ ਦੀ ਸਪਲਾਈ ਛੇਤੀ ਹੋਵੇਗੀ :
ਆਈਸੀਐਮਆਰ ਦੇ ਵਿਗਿਆਨੀ ਰਮਨ ਆਰ. ਗੰਗਾਖੇਡਕਰ ਨੇ ਕਿਹਾ ਕਿ ਕੋਰੋਨਾ ਦੀ ਤੇਜ਼ੀ ਨਾਲ ਜਾਂਚ ਲਈ ਤੇਜ਼ ਟੈਸਟ ਕਿੱਟ ਬੁੱਧਵਾਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਕਿੱਟ ਦੀ ਉਪਲੱਬਧਤਾ ਤੋਂ ਬਾਅਦ ਲਾਗ ਦੇ ਉੱਚ ਪ੍ਰਭਾਵ ਵਾਲੇ ਖੇਤਰਾਂ 'ਚ ਤੁਰੰਤ ਟੈਸਟ ਪ੍ਰਣਾਲੀ ਨਾਲ ਟੈਸਟ ਅਰੰਭ ਕੀਤਾ ਜਾਵੇਗਾ।