ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨਾਲ ਜੰਗ ਦੀ ਤਿਆਰੀ : ਰੇਲ ਗੱਡੀਆਂ ਦੇ ਡੱਬਿਆਂ ਨੂੰ ਬਣਾਇਆ ਜਾਵੇਗਾ ਮਿੰਨੀ ਹਸਪਤਾਲ

ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਦੇਸ਼ 'ਚ ਹੁਣ ਤਕ ਕੋਰੋਨਾ ਵਾਇਰਸ ਪਾਜੀਟਿਵ ਮਰੀਜ਼ਾਂ ਦੀ ਗਿਣਤੀ 727 ਹੋ ਗਈ ਹੈ ਅਤੇ ਇਨ੍ਹਾਂ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਸਰਕਾਰ ਨੇ ਇਸ ਮਹਾਂਮਾਰੀ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਪੂਰੇ ਦੇਸ਼ ਨੂੰ ਲੌਕਡਾਊਨ ਕਰ ਦਿੱਤਾ ਹੈ। ਹਸਪਤਾਲਾਂ 'ਚ ਬੈਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਪੂਰੇ ਦੇਸ਼ 'ਚ ਸੈਨੇਟਾਈਜੇਸ਼ਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
 

ਅਜਿਹੇ 'ਚ ਕੇਂਦਰ ਸਰਕਾਰ ਨੇ ਭਵਿੱਖ 'ਚ ਜੇ ਕੋਰੋਨਾ ਵਾਇਰਸ ਨਾਲ ਹਾਲਾਤ ਹੋਰ ਗੰਭੀਰ ਹੁੰਦੇ ਹਨ ਤਾਂ ਉਸ ਲਈ ਤਿਆਰੀ ਖਿੱਚ ਦਿੱਤੀ ਹੈ। ਸਰਕਾਰ ਨੇ ਰੇਲ ਮੰਤਰਾਲਾ ਨੂੰ ਆਦੇਸ਼ ਦਿੱਤਾ ਹੈ ਕਿ ਟਰੇਨਾਂ ਦੇ ਡੱਬਿਆਂ ਅਤੇ ਕੈਬਿਨਾਂ ਨੂੰ ਆਈਸੋਲੇਸ਼ਨ ਵਾਰਡ ਅਤੇ ਆਈਸੀਯੂ 'ਚ ਬਦਲਿਆ ਜਾਵੇ ਤਾਕਿ ਪਿੰਡਾਂ ਅਤੇ ਹੋਰ ਦੂਰ-ਦੁਰਾਡੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਇਲਾਜ ਉਪਲੱਬਧ ਕਰਵਾਇਆ ਜਾ ਸਕੇ।
 

ਸਰਕਾਰ ਦੀ ਯੋਜਨਾ ਹੈ ਕਿ ਇਨ੍ਹਾਂ ਰੇਲ ਡੱਬਿਆਂ ਨੂੰ ਵੱਖ-ਵੱਖ ਥਾਵਾਂ 'ਤੇ ਖੜਾ ਕਰ ਦਿੱਤਾ ਜਾਵੇਗਾ। ਕੋਰੋਨਾ ਵਾਇਰਸ ਤੋਂ ਬਚਾਅ ਲਈ ਟਰੇਨਾਂ ਦੇ ਡੱਬਿਆਂ ਨੂੰ ਕੁਆਰੰਟੀਨ ਅਤੇ ਆਈਸੋਲੇਸ਼ਨ ਵਾਰਡਾਂ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਰੇਲ ਗੱਡੀਆਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਇੱਕ-ਇੱਕ ਡੱਬੇ ਦੀ ਆਈਸੀਯੂ ਤੇ ਆਈਸੋਲੇਸ਼ਨ ਵਾਰਡ ਵਜੋਂ ਵਰਤੋਂ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
 

ਇਟਲੀ ਅਤੇ ਅਮਰੀਕਾ ਦੇ ਤਾਜ਼ਾ ਹਾਲਾਤਾਂ ਨੂੰ ਵੇਖਦਿਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੈਡੀਕਲ ਸਹੂਲਤਾਂ ਦੇ ਮਾਮਲੇ 'ਚ ਮੋਹਰੀ ਦੇਸ਼ਾਂ 'ਚ ਹਸਪਤਾਲਾਂ ਦੀ ਭਾਰੀ ਕਮੀ ਪੈਦਾ ਹੋ ਗਈ ਹੈ। ਮਰੀਜ਼ਾਂ ਨੂੰ ਹਸਪਤਾਲ 'ਚ ਰੱਖਣ ਲਈ ਥਾਂ ਨਹੀਂ ਹੈ। ਇਸੇ ਡਰ ਕਾਰਨ ਭਾਰਤ ਸਰਕਾਰ ਨੇ ਆਰਜ਼ੀ ਤੌਰ 'ਤੇ ਵੱਖ-ਵੱਖ ਥਾਵਾਂ ਅਤੇ ਦੂਰ-ਦੁਰਾਡੇ ਇਲਾਕਿਆਂ ਤਕ ਡਾਕਟਰੀ ਪਹੁੰਚ ਉਪਲੱਬਧ ਕਰਵਾਉਣ ਦੇ ਮੱਦੇਨਜ਼ਰ ਇਹ ਵੱਡਾ ਕਦਮ ਚੁੱਕਿਆ ਹੈ।
 

ਮੀਡੀਆ ਰਿਪੋਰਟ ਮੁਤਾਬਿਕ ਇਸ ਯੋਜਨਾ ਬਾਰੇ ਕੇਰਲ ਦੇ ਕੋਚੀ ਆਧਾਰਤ ਇੱਕ ਕੰਪਨੀ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਚਿੱਠੀ ਭੇਜੀ ਸੀ। ਕੰਪਨੀ ਨੇ ਕਿਹਾ ਕਿ ਉਹ ਟਰੇਨ ਦੇ ਡੱਬਿਆਂ ਨੂੰ ਹਸਪਤਾਲ ਦੀ ਤਰ੍ਹਾਂ ਡਿਜ਼ਾਈਨ ਕਰ ਦੇਵੇਗੀ। ਕੰਪਨੀ ਦੇ ਡਾਇਰੈਕਟਰ ਨੇ ਪੀਐਮਓ ਨੂੰ ਲਿਖੀ ਇੱਕ ਚਿੱਠੀ 'ਚ ਕਿਹਾ, "ਸਾਡੇ ਕੋਲ 12,167 ਰੇਲ ਗੱਡੀਆਂ ਹਨ। ਉਨ੍ਹਾਂ 'ਚ ਲਗਭਗ 23-30 ਕੋਚ ਹੁੰਦੇ ਹਨ। ਅਸੀਂ ਉਨ੍ਹਾਂ ਨੂੰ ਅਸਾਨੀ ਨਾਲ ਮੋਬਾਈਲ ਹਸਪਤਾਲਾਂ ਵਿੱਚ ਬਦਲ ਸਕਦੇ ਹਾਂ। ਇਨ੍ਹਾਂ 'ਚ ਮੈਡੀਕਲ ਸਟੋਰ ਤੋਂ ਲੈ ਕੇ ਆਈ.ਸੀ.ਯੂ ਅਤੇ ਪੈਂਟਰੀ ਕਾਰ ਤੱਕ ਦਾ ਵੀ ਪ੍ਰਬੰਧ ਹੋ ਸਕਦਾ ਹੈ। ਹਰੇਕ ਟਰੇਨ 'ਚ ਲਗਭਗ 1000 ਬੈਡਾਂ ਦਾ ਪ੍ਰਬੰਧ ਹੋ ਸਕਦਾ ਹੈ। 7500 ਤੋਂ ਵੱਧ ਰੇਲਵੇ ਸਟੇਸ਼ਨਾਂ ਰਾਹੀਂ ਮਰੀਜ਼ਾਂ ਨੂੰ ਟਰੇਨ 'ਚ ਹੀ ਭਰਤੀ ਕਰਵਾਇਆ ਜਾ ਸਕਦਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Preparing to change trains coach into sanatorium wards