ਕੋਰੋਨਾ ਵਾਇਰਸ ਕਾਰਨ ਦੇਸ਼ ਅਤੇ ਦੁਨੀਆ 'ਚ ਆਰਥਿਕ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਵਿਸ਼ਵ ਅਰਥਚਾਰਾ ਵੀ ਇਸ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਭਾਰਤ 'ਚ ਵੀ ਇਸ ਦਾ ਅਸਰ ਵਿਖਾਈ ਦੇ ਰਿਹਾ ਹੈ। ਅਜਿਹੇ 'ਚ ਤੇਲੰਗਾਨਾ ਸਰਕਾਰ ਨੇ ਸੋਮਵਾਰ ਨੂੰ ਵੱਡਾ ਫ਼ੈਸਲਾ ਲਿਆ ਹੈ।
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਇੱਕ ਮੀਟਿੰਗ 'ਚ ਆਪਣੇ ਮੰਤਰੀਆਂ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਮਹਾਂਮਾਰੀ ਕਾਰਨ ਸੂਬੇ ਦੇ ਮਾਲੀਏ 'ਤੇ ਬਹੁਤ ਪ੍ਰਭਾਵਿਤ ਪੈ ਰਿਹਾ ਹੈ। ਇਸ ਦੇ ਸਬੰਧ 'ਚ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਸੋਮਵਾਰ ਨੂੰ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਵਿੱਤੀ ਹਾਲਾਤਾਂ ਦੀ ਸਮੀਖਿਆ ਕੀਤੀ।
ਇਸ ਮੀਟਿੰਗ 'ਚ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਸੂਬਾ ਸਰਕਾਰ ਨੇ ਤਨਖਾਹਾਂ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਸੂਬੇ ਦਾ ਮਾਲੀਆ ਉਮੀਦ ਨਾਲੋਂ ਘੱਟ ਹੈ। ਘੱਟ ਕੀਤੀ ਗਈ ਤਨਖਾਹ ਮਾਰਚ 2020 ਦੀ ਤਨਖਾਹ ਤੋਂ ਲਾਗੂ ਹੋਵੇਗੀ। ਸੂਤਰਾਂ ਦੇ ਅਨੁਸਾਰ ਕਟੌਤੀ ਕੀਤੀ ਤਨਖਾਹ ਬਾਅਦ 'ਚ ਅਦਾ ਕੀਤੀ ਜਾਵੇਗੀ।
- ਮੁੱਖ ਮੰਤਰੀ, ਸੂਬੇ ਦੇ ਮੰਤਰੀਆਂ, ਵਿਧਾਨ ਪ੍ਰੀਸ਼ਦ ਦੇ ਮੈਂਬਰਾਂ, ਵਿਧਾਨ ਸਭਾ ਦੇ ਮੈਂਬਰਾਂ (ਵਿਧਾਇਕਾਂ), ਕਾਰਪੋਰੇਸ਼ਨਾਂ ਅਤੇ ਸਥਾਨਕ ਕਾਰਪੋਰੇਸ਼ਨਾਂ ਦੇ ਪ੍ਰਧਾਨਾਂ ਦੀ ਤਨਖਾਹ 'ਚ 75 ਫ਼ੀਸਦੀ ਤਕ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
- ਆਈਏਐਸ, ਆਈਪੀਐਸ ਅਤੇ ਆਈਐਫਐਸ ਜਿਹੀਆਂ ਸੇਵਾਵਾਂ ਵਾਲੇ ਅਧਿਕਾਰੀਆਂ ਦੀ ਤਨਖਾਹ 'ਚ 60 ਫ਼ੀਸਦੀ ਦੀ ਕਟੌਤੀ ਕੀਤੀ ਜਾਵੇਗੀ।
- ਸਾਰੀਆਂ ਸ਼੍ਰੇਣੀਆਂ ਦੇ ਕਰਮਚਾਰੀਆਂ ਦੀ ਤਨਖਾਹ ਵਿੱਚ 50 ਫ਼ੀਸਦੀ ਦੀ ਕਟੌਤੀ ਹੋਵੇਗੀ।
- ਚੌਥੀ ਸ਼੍ਰੇਣੀ ਦੇ ਕਰਮਚਾਰੀਆਂ, ਆਊਟਸੋਰਸਿੰਗ ਅਤੇ ਕੰਟਰੈਕਟ ਕਰਮਚਾਰੀਆਂ ਦੀ ਤਨਖਾਹ 'ਚ 10 ਫ਼ੀਸਦੀ ਦੀ ਕਟੌਤੀ ਹੋਵੇਗੀ।